ਆਯੁਸ਼ਮਾਨ ਖੁਰਾਣਾ ਆਪਣੀ ਅਗਲੀ ਫ਼ਿਲਮ ਬਾਲਾ ‘ਚ ਇੱਕ ਗੰਜੇ ਵਿਅਕਤੀ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਆਯੁਸ਼ਮਾਨ ਅੱਜਕੱਲ੍ਹ ਇਸੇ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਫ਼ਿਲਮ ‘ਚ ਉਸ ਨਾਲ ਇੱਕ ਵਾਰ ਫ਼ਿਰ ਭੂਮੀ ਪੇਡਨੇਕਰ ਤੋਂ ਇਲਾਵਾ ਯਾਮੀ ਗੌਤਮ ਨਜ਼ਰ ਆਵੇਗੀ। ਇਹ ਤਿੰਨੋਂ ਸਿਤਾਰੇ ਫ਼ਿਲਮ ਦੀ ਸ਼ੂਟਿੰਗ ਲਈ UP ਦੇ ਕਾਨਪੁਰ ਸ਼ਹਿਰ ਪਹੁੰਚ ਚੁੱਕੇ ਹਨ। ਹੁਣ ਤਕ ਅਲੱਗ-ਅਲੱਗ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਆਯੁਸ਼ਮਾਨ ਫ਼ਿਲਮ ਬਾਲਾ ਵਿੱਚ ਇੱਕ ਵੱਖਰੇ ਹੀ ਕਿਸਮ ਦੇ ਦਿਲਚਸਪ ਕਿਰਦਾਰ ‘ਚ ਨਜ਼ਰ ਆਉਣ ਵਾਲਾ ਹੈ।
ਫ਼ਿਲਮ ਬਾਲਾ ਦੀ ਕਹਾਣੀ ਇੱਕ ਗੰਜੇ ਮੁੰਡੇ ਅਤੇ ਛੋਟੇ ਸ਼ਹਿਰ ਦੀ ਕੁੜੀ ‘ਤੇ ਆਧਾਰਿਤ ਹੋਵੇਗੀ। ਫ਼ਿਲਮ ‘ਚ ਛੋਟੇ ਸ਼ਹਿਰ ਦੀ ਇਸ ਕੁੜੀ ਦਾ ਕਿਰਦਾਰ ਭੂਮੀ ਪੇਡਨੇਕਰ ਨਿਭਾਏਗੀ। ਦੱਸਿਆ ਗਿਆ ਹੈ ਕਿ ਬਾਲਾ ‘ਚ ਗੰਜੇ ਮੁੰਡੇ ਦੀ ਜ਼ਿੰਦਗੀ ਦੀਆਂ ਦੋ ਤੋਂ ਤਿੰਨ ਸਟੇਜਾਂ ਦਿਖਾਈਆਂ ਜਾਣਗੀਆਂ ਜਿਸ ਬਾਰੇ ਆਯੁਸ਼ਮਾਨ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਤਾਂ ਸਿਰ ਦੇ ਵਾਲ ਬਿਲਕੁਲ ਸਾਫ਼ ਕਰਵਾਉਣੇ ਮੁਸ਼ਕਿਲ ਕੰਮ ਹੋਵੇਗਾ। ਆਯੁਸ਼ਮਾਨ ਨੇ ਕਿਹਾ, ”ਆਪਣੇ ਸਿਰ ਦੇ ਵਾਲਾਂ ਨੂੰ ਬਿਲਕੁਲ ਸਾਫ਼ ਕਰਨਾ ਮੁਸ਼ਕਿਲ ਹੋਵੇਗਾ ਕਿਉਂਕਿ ਪਹਿਲੇ ਦਿਨਾਂ ‘ਚ ਪਹਿਲੀ ਸਟੇਜ ਲਈ ਸ਼ੂਟ ਕਰੂੰਗਾ, ਦੂਸਰੇ ਦਿਨ ਦੂਸਰੀ ਸਟੇਜ ਲਈ ਅਤੇ ਇਸੇ ਤਰ੍ਹਾਂ ਹਰ ਦਿਨ ਅਲੱਗ-ਅਲੱਗ ਸਟੇਜ ਲਈ ਸ਼ੂਟ ਕੀਤਾ ਜਾਵੇਗਾ। ਇੰਨੀ ਜਲਦੀ ਕੁਦਰਤੀ ਵਾਲ ਨਹੀਂ ਆਉਣਗੇ ਤਾਂ ਸਾਨੂੰ ਨਕਲੀ ਵਾਲਾਂ ਦਾ ਸਹਾਰਾ ਲੈਣਾ ਪਏਗਾ।”
ਆਯੁਸ਼ਮਾਨ ਨੇ ਕਿਹਾ ਕਿ ਫ਼ਿਲਮ ਬਾਲਾ ਨਾਲ ਉਹ ਸਾਰੇ ਲੋਕ ਖ਼ੁਦ ਨੂੰ ਜੋੜ ਸਕਣਗੇ ਜੋ ਬਹੁਤ ਘੱਟ ਉਮਰ ‘ਚ ਗੰਜੇਪਨ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ। ਆਯੁਸ਼ਮਾਨ ਨੇ ਅੱਗੇ ਕਿਹਾ, ”ਅਸੀਂ ਕਈ ਵਿਸ਼ਿਆਂ ਅਤੇ ਮੁੱਦਿਆਂ ‘ਤੇ ਫ਼ਿਲਮਾਂ ਬਣਾ ਚੁੱਕੇ ਹਾਂ। ਇਹ ਦੇਸ਼ ਭਰ ਦੇ ਕਾਫ਼ੀ ਪੁਰਸ਼ਾਂ ਨਾਲ ਜੁੜਿਆ ਹੋਇਆ ਵਿਸ਼ਾ ਹੈ। ਸ਼ਾਇਦ ਦੁਨੀਆ ਭਰ ਵਿੱਚ ਕਈ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸ਼ੁਕਰ ਹੈ ਕਿ ਮੇਰੇ ਸਿਰ ‘ਤੇ ਕਾਫ਼ੀ ਵਾਲ ਹਨ, ਪਰ ਮੇਰੇ ਜ਼ਿਆਦਾਤਰ ਦੋਸਤ 30 ਸਾਲ ਦੀ ਉਮਰ ਤਕ ਪਹੁੰਚਦੇ ਹੀ ਵਾਲਾਂ ਦੀ ਸਮੱਸਿਆ ਨਾਲ ਜੂਝਣ ਲੱਗੇ ਹਨ। ਮੈਨੂੰ ਪਤਾ ਹੈ ਕਿ ਅਸੀਂ ਇਸ ਸਮੱਸਿਆ ਨਾਲ ਜੂਝ ਰਹੇ ਹਾਂ। ਇਹ ਇੱਕ ਗੰਭੀਰ ਸਮੱਸਿਆ ਹੈ।”
ਜ਼ਿਕਰਯੋਗ ਹੈ ਕਿ ਇਸ ਸਾਲ ਆਯੁਸ਼ਮਾਨ ਖੁਰਾਣਾ ਕਾਫ਼ੀ ਰੁੱਝਾ ਰਹਿਣ ਵਾਲਾ ਹੈ। ਜਿੱਥੇ ਉਹ ਫ਼ਿਲਮ ਆਰਟੀਕਲ 15 ‘ਚ ਇੱਕ ਪੁਲੀਸ ਵਾਲੇ ਦਾ ਰੋਲ ਨਿਭਾ ਰਿਹਾ ਹੈ ਉੱਥੇ ਦੂਜੇ ਪਾਸੇ ਉਹ ਫ਼ਿਲਮ ਡਰੀਮ ਗਰਲ ‘ਚ ਇੱਕ ਔਰਤ ਦੀ ਆਵਾਜ਼ ਕੱਢਦਾ ਨਜ਼ਰ ਆਵੇਗਾ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਵੀ ਆਯੁਸ਼ਮਾਨ ਦੀਆਂ ਦੋ ਹੋਰ ਫ਼ਿਲਮਾਂ ਸ਼ੁੱਭ ਮੰਗਲ ਜ਼ਿਆਦਾ ਸਾਵਧਾਨ ਅਤੇ ਗੁਲਾਬੋ ਸੀਤਾਬੋ ਵੀ ਲਾਈਨ ‘ਚ ਲੱਗੀਆਂ ਹੋਈਆਂ ਹਨ। ਪਿਛਲੇ ਸਾਲ ਰਿਲੀਜ਼ ਹੋਈਆਂ ਆਯੁਸ਼ਮਾਨ ਦੀਆਂ ਫ਼ਿਲਮਾਂ ਬਧਾਈ ਹੋ ਅਤੇ ਅੰਧਾਧੁੰਨ ਨੇ ਪਰਦੇ ‘ਤੇ ਜ਼ਬਰਦਸਤ ਸਫ਼ਲਤਾ ਹਾਸਿਲ ਕੀਤੀ ਸੀ।