ਨਵੀਂ ਦਿੱਲੀ – ਵਨ ਡੇ ਵਿੱਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਪਹਿਚਾਣ ਟੀਮ ਦੀ ਜਰਜ਼ੀ ਦਾ ਨੀਲਾ ਰੰਗ ਹੈ। ਇਸੇ ਰੰਗ ਕਾਰਨ ਤਾਂ ਭਾਰਤੀ ਟੀਮ ਨੂੰ ਮੈੱਨ ਇਨ ਬਲਿਯੂ ਵੀ ਕਿਹਾ ਜਾਂਦਾ ਹੈ, ਪਰ ਇਸ ਵਾਰ ਵਰਲਡ ਕੱਪ ਦੇ ਇੱਕ ਮੁਕਾਬਲੇ ਵਿੱਚ ਮੈੱਨ ਇਨ ਔਰੇਂਜ ਬਣ ਕੇ ਭਾਰਤੀ ਕ੍ਰਿਕਟਰਜ਼ ਮੈਦਾਨ ‘ਚ ਉਤਰਣਗੇ। ਮਾਮਲਾ ਇਹ ਹੈ ਕਿ ਭਾਰਤੀ ਕ੍ਰਿਕਟ ਟੀਮ ਦੀ ਜਰਜ਼ੀ ਦਾ ਰੰਗ ਇੰਗਲੈਂਡ, ਅਤੇ ਅਫ਼ਗ਼ਾਨਿਸਤਾਨ ਦੀ ਜਰਜ਼ੀ ਨਾਲ ਮਿਲਦਾ ਜੁਲਦਾ ਹੈ। TV ‘ਤੇ ਮੈਚ ਦੇਖਦੇ ਸਮੇਂ ਲਗਭਗ ਇੱਕੋ ਜਿਹੇ ਰੰਗਾਂ ਦੀਆਂ ਜਰਜ਼ੀਆਂ ਵਾਲੇ ਖਿਡਾਰੀਆਂ ਨੂੰ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ।
ਇਸ ਪਰੇਸ਼ਾਨੀ ਨੂੰ ਸਮਝਦਿਆਂ ICC ਨੇ ਕ੍ਰਿਕਟ ਦੇ ਨਿਯਮਾਂ ਵਿੱਚ ਇੱਕ ਨਵਾਂ ਨਿਯਮ ਜੋੜਿਆ ਹੈ ਜਿਸ ਤਹਿਤ ਹਰ ਟੀਮ ਕੋਸ ਦੋ ਤਰ੍ਹਾਂ ਦੀਆਂ ਜਰਜ਼ੀਆਂ ਹੋਣੀਆਂ ਜ਼ਰੂਰੀ ਹੈ ਤਾਂ ਕਿ ਇੱਕੋ ਜਿਹੇ ਰੰਗਾਂ ਵੇਲੇ ਇੱਕ ਟੀਮ ਆਪਣੀ ਆਲਟਰਨੇਟ ਜਰਜ਼ੀ ਦੀ ਵਰਤੋਂ ਕਰੇ। ਕਾਨੂੰਨ ਇਹ ਵੀ ਕਹਿੰਦੈ ਕਿ ਮੇਜ਼ਬਾਨ ਟੀਮ ਨੂੰ ਆਪਣੀ ਜਰਜ਼ੀ ਬਦਲਣ ਦੀ ਕੋਈ ਲੋੜ ਨਹੀਂ, ਅਤੇ ਇੰਗਲੈਂਡ ਕਿਉਂਕਿ ਵਿਸ਼ਵ ਕੱਪ ਨੂੰ ਹੋਸਟ ਕਰ ਰਿਹਾ ਹੈ ਇਸ ਲਈ ਉਹ ਆਪਣੀ ਵਰਦੀ ਵਿੱਚ ਕਾਇਮ ਰਹੇਗਾ ਅਤੇ ਭਾਰਤ ਆਪਣੀ ਨਵੀਂ ਜਰਜ਼ੀ ਵਿੱਚ ਦਿਖੇਗਾ।
ਇੰਗਲੈਂਡ ਦੇ ਨਾਲ ਹੋਣ ਵਾਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਆਪਣੀ ਆਲਟਰਨੇਟ ਜਰਜ਼ੀ ਦਾ ਇਸਤੇਮਾਲ ਕਰਨਾ ਹੋਵੇਗਾ ਜੋ ਪਿੱਛਿਓਂ ਨਾਰੰਗੀ ਦਿਸਦੀ ਹੈ ਅਤੇ ਅੱਗਿਓਂ ਨੀਲੇ ਰੰਗ ਦੀ ਦਿਸਦੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ‘ਤੇ ਭਾਰਤੀ ਟੀਮ ਦੀ ਭਗਵਾ ਜਰਜ਼ੀ ਨੂੰ ਲੈ ਕੇ ਲੋਕ ਫ਼ੇਕ ਭਗਵਾ ਜਰਜ਼ੀ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਇਸ ‘ਤੇ ਲਿਖਿਆ ਹੈ, ”ਮੋਦੀ ਹੈ ਤਾਂ ਮੁਮਕਿਨ ਹੈ।”