ਤਕਰੀਬਨ ਨੌਂ ਸਾਲ ਬਾਅਦ ਕੈਟਰੀਨਾ ਕੈਫ਼ ਅਤੇ ਅਕਸ਼ੇ ਕੁਮਾਰ ਫ਼ਿਲਮ ਸਰੂਯਾਵੰਸ਼ੀ ‘ਚ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਹ ਜੋੜੀ ਕਈ ਸੁਪਰਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ …
ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ਼ ਨੌਂ ਸਾਲ ਬਾਅਦ ਮੁੜ ਇੱਕ ਫ਼ਿਲਮ ‘ਚ ਇੱਕ ਦੂਜੇ ਦਾ ਸਾਥ ਦਿੰਦੇ ਨਜ਼ਰ ਆਉਣਗੇ। ਇਨ੍ਹਾਂ ਦੋਹਾਂ ਦੀ ਜੋੜੀ ਬੌਲੀਵੁਡ ਦੀਆਂ ਪਸੰਦੀਦਾ ਜੋੜੀਆਂ ‘ਚੋਂ ਇੱਕ ਹੈ। ਕੈਟਰੀਨਾ ਅਤੇ ਅਕਸ਼ੇ ਨੇ ਸਿੰਘ ਇਜ਼ ਕਿੰਗ, ਨਮਸਤੇ ਲੰਡਨ ਅਤੇ ਵੈਲਕਮ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ‘ਚ ਇਕੱਠਿਆਂ ਕੰਮ ਕੀਤਾ ਹੈ। ਇਹ ਦੋਹੇਂ ਸਿਤਾਰੇ ਇੱਕ ਵਾਰ ਫ਼ਿਰ ਬੌਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਅਗਲੀ ਫ਼ਿਲਮ ਸੂਰਯਾਵੰਸ਼ੀ ‘ਚ ਇਕੱਠੇ ਅਦਾਕਾਰੀ ਦੇ ਜੌਹਰ ਵਿਖਾਉਂਦੇ ਨਜ਼ਰ ਆਉਣਗੇ।
ਕੈਟਰੀਨਾ ਨੇ ਹਾਲ ਹੀ ‘ਚ ਦੱਸਿਆ ਕਿ ਉਸ ਨੂੰ ਲੰਬੇ ਸਮੇਂ ਬਾਅਦ ਅਕਸ਼ੇ ਕੁਮਾਰ ਨਾਲ ਮੁੜ ਅਦਾਕਾਰੀ ਵਿਖਾਉਣ ‘ਚ ਕਾਫ਼ੀ ਹਿਚਕਚਾਹਟ ਮਹਿਸੂਸ ਹੋਈ ਸੀ। ਕੈਟਰੀਨਾ ਨੇ ਕਿਹਾ, ”ਮੈਂ ਬੇਹੱਦ ਉਤਸ਼ਾਹਿਤ ਹਾਂ। ਅਸੀਂ ਸੂਰਯਾਵੰਸ਼ੀ ਦੀ ਕੁੱਝ ਦਿਨਾਂ ਦੀ ਸ਼ੂਟਿੰਗ ਵੀ ਮੁਕਾ ਚੁੱਕੇ ਹਾਂ। ਅਸਲ ‘ਚ ਮੈਂ ਸੋਚ ਰਹੀ ਸੀ ਕਿ ਇਹ ਅਨੁਭਵ ਕਿਸ ਤਰ੍ਹਾਂ ਦਾ ਹੋਵੇਗਾ!”
ਕੈਟਰੀਨਾ ਨੇ ਅੱਗੇ ਕਿਹਾ, ”ਮੈਨੂੰ ਲਗਦਾ ਸੀ ਕਿ ਸ਼ਾਇਦ ਅਕਸ਼ੇ ਨਾਲ ਤਾਲਮੇਲ ਬਿਠਾਉਣ ‘ਚ ਕਾਫ਼ੀ ਮੁਸ਼ਕਿਲ ਆਵੇਗੀ, ਅਤੇ ਇਹ ਸਭ ਸ਼ਾਇਦ ਇੰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਅਸੀਂ ਨੌਂ ਸਾਲ ਬਾਅਦ ਇਕੱਠੇ ਕੋਈ ਫ਼ਿਲਮ ਕਰ ਰਹੇ ਸੀ। ਨੌਂ ਸਾਲ ਕਾਫ਼ੀ ਲੰਬਾ ਅਰਸਾ ਹੁੰਦਾ ਹੈ, ਪਰ ਜਿਵੇਂ ਹੀ ਮੈਨੂੰ ਸੈੱਟ ‘ਤੇ ਐਕਸ਼ਨ ਦੀ ਆਵਾਜ਼ ਸੁਣਾਈ ਦਿੱਤੀ ਮੇਰਾ ਸਾਰਾ ਡਰ ਦੂਰ ਹੋ ਗਿਆ।” ਜ਼ਿਕਰਯੋਗ ਹੈ ਕਿ ਇਸ ਫ਼ਿਲਮ ‘ਚ ਅਕਸ਼ੇ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਏਗਾ ਜੋ ਅਤਿਵਾਦ ਨਾਲ ਲੜਦਾ ਹੈ।
ਦੂਜੇ ਪਾਸੇ ਅਗਲੇ ਹਫ਼ਤੇ ਕੈਟਰੀਨਾ ਕੈਫ਼ ਦੀ ਸਲਮਾਨ ਖ਼ਾਨ ਨਾਲ ਫ਼ਿਲਮ ਭਾਰਤ ਵੀ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਬੌਲੀਵੁਡ ਦੇ ਕਈ ਸਿਤਾਰੇ ਨਜ਼ਰ ਆਉਣਗੇ। ਇਸ ਵਕਤ ਕੈਟਰੀਨਾ ਕੈਫ਼ ਫ਼ਿਲਮ ਭਾਰਤ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਸਭ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਕੈਟਰੀਨਾ ਕੈਫ਼ ਸੁਪਰਹਿੱਟ ਫ਼ਿਲਮ ਸੱਤੇ ਪੇ ਸੱਤਾ ਦੇ ਰੀਮੇਕ ‘ਚ ਸ਼ਾਹਰੁਖ਼ ਖ਼ਾਨ ਨਾਲ ਵੀ ਨਜ਼ਰ ਆ ਸਕਦੀ ਹੈ। ਇਸ ਫ਼ਿਲਮ ਦਾ ਰੀਮੇਕ ਰੋਹਿਤ ਸ਼ੈੱਟੀ ਅਤੇ ਫ਼ਰਹਾ ਖ਼ਾਨ ਮਿਲ ਕੇ ਬਣਾ ਰਹੇ ਹਨ।