ਫ਼ਿਲਮ ਸ਼ੁੱਭ ਮੰਗਲ ਸਾਵਧਾਨ ਦੇ ਸੀਕੁਅਲ ‘ਚ ਰਾਜਕੁਮਾਰ ਰਾਓ ਅਹਿਮ ਕਿਰਦਾਰ ਨਿਭਾਉਣ ਵਾਲਾ ਸੀ, ਪਰ ਹੁਣ ਉਸ ਨੇ ਖ਼ੁਦ ਨੂੰ ਇਸ ਫ਼ਿਲਮ ਨਾਲੋਂ ਵੱਖ ਕਰ ਲਿਆ ਹੈ …
ਫ਼ਿਲਮਸਾਜ਼ ਆਨੰਦ ਐੱਲ. ਰਾਏ ਨੇ ਹਾਲ ਹੀ ‘ਚ ਆਪਣੀ ਫ਼ਿਲਮ ਸ਼ੁੱਭ ਮੰਗਲ ਸਾਵਧਾਨ ਦੇ ਸੀਕੁਅਲ ਦਾ ਐਲਾਨ ਕੀਤਾ ਸੀ। ਇਸ ਸੀਕੁਅਲ ‘ਚ ਆਯੁਸ਼ਮਾਨ ਖੁਰਾਣਾ ਹੀ ਇਸ ਵਾਰ ਵੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਚਰਚਾ ਸੀ ਕਿ ਇਸ ਫ਼ਿਲਮ ‘ਚ ਆਯੁਸ਼ਮਾਨ ਨਾਲ ਸੰਜੀਦਾ ਅਦਾਕਾਰੀ ਲਈ ਜਾਣਿਆ ਜਾਂਦਾ ਰਾਜਕੁਮਾਰ ਰਾਓ ਵੀ ਨਜ਼ਰ ਆਵੇਗਾ। ਕਿਹਾ ਜਾ ਰਿਹਾ ਸੀ ਕਿ ਫ਼ਿਲਮ ‘ਚ ਦੋਹਾਂ ਦਾ ਕਿਰਦਾਰ ਕਾਫ਼ੀ ਦਿਲਚਸਪ ਹੋਵੇਗਾ, ਪਰ ਹਾਲ ਹੀ ‘ਚ ਆਯੁਸ਼ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਰਾਜਕੁਮਾਰ ਰਾਓ ਇਸ ਫ਼ਿਲਮ ‘ਚ ਉਸ ਦਾ ਸਾਥ ਨਹੀਂ ਦੇਵੇਗਾ। ਹੁਣ ਫ਼ਿਲਮ ‘ਚ ਆਯੁਸ਼ਮਾਨ ਦਾ ਸਾਥ ਦੇਣ ਲਈ ਜ਼ੋਰ-ਸ਼ੋਰ ਨਾਲ ਕਿਸੇ ਨਵੇਂ ਚਿਹਰੇ ਦੀ ਭਾਲ ਕੀਤੀ ਜਾਵੇਗੀ।
ਆਯੁਸ਼ਮਾਨ ਨੇ ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਿਰਦਾਰ ਨਿਭਾਉਣਾ ਉਸ ਲਈ ਕਾਫ਼ੀ ਮੁਸ਼ਕਿਲ ਹੋਵੇਗਾ। ਉਸ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਦਾ ਕਿਰਦਾਰ ਮੈਂ ਇਸ ਫ਼ਿਲਮ ‘ਚ ਨਿਭਾ ਰਿਹਾ ਹੈ ਉਸ ਨੂੰ ਨਿਭਾਉਣਾ ਮੇਰੇ ਲਈ ਬਹੁਤਾ ਆਸਾਨ ਨਹੀਂ, ਪਰ ਮੈਨੂੰ ਅਜਿਹੇ ਚੈਲੇਂਜ ਲੈ ਕੇ ਮਜ਼ਾ ਆਉਂਦਾ ਹੈ।” ਜ਼ਿਕਰਯੋਗ ਹੈ ਕਿ ਰਾਜਕੁਮਾਰ ਰਾਓ ਇਸ ਵਕਤ ਮੈਂਟਲ ਹੈ ਕਯਾ ਅਤੇ ਮੇਡ ਇਨ ਚਾਈਨਾ ਆਦਿ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਫ਼ਿਲਮ ਮੈਂਟਲ ਹੈ ਕਯਾ ‘ਚ ਉਸ ਨਾਲ ਬੌਲੀਵੁਡ ਕੁਈਨ ਕੰਗਨਾ ਰਨੌਤ ਨਜ਼ਰ ਆਵੇਗੀ ਜਦਕਿ ਫ਼ਿਲਮ ਮੇਡ ਇਨ ਚਾਈਨਾ ‘ਚ ਰਾਓ ਨਾਲ ਮੌਨੀ ਰਾਏ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਰਾਜਕੁਮਾਰ ਰਾਓ ਸੰਘਰਸ਼ ਕਰ ਰਹੇ ਬਿਜ਼ਨਸਮੈਨ ਦਾ ਕਿਰਦਾਰ ਨਿਭਾਏਗਾ।