60 ਦੇ ਕਰੀਬ ਆਰਜ਼ੀ ਦੁਕਾਨਾਂ ਸਮੇਤ 2 ਵੱਡੇ ਟਿੱਪਰ ਤੇ ਦੋ ਕਾਰਾਂ ਸੜ ਕੇ ਸੁਆਹ
ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਾਰਕੀਟ ਨੂੰ ਅੱਜ ਤੜਕੇ 3 ਵਜੇ ਦੇ ਕਰੀਬ ਕੁਝ ਹੀ ਮਿੰਟਾਂ ਵਿਚ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ 60 ਤੋਂ ਵੱਧ ਦੁਕਾਨਾਂ ਰਾਖ ਹੋ ਗਈਆਂ ਤੇ ਅਸਮਾਨ ਵਿਚ ਧੂੰਆਂ ਹੀ ਧੂੰਆਂ ਹੋ ਗਿਆ। ਅੱਗ ਕਾਰਨ 2 ਗੈਸ ਸਿਲੰਡਰ ਵੀ ਫਟ ਗਏ। ਇਸ ਭਿਆਨਕ ਅੱਗ ਨਾਲ 2 ਟਿੱਪਰ, ਦੋ ਕਾਰਾਂ ਅਤੇ 2 ਸਕੂਟਰ ਵੀ ਸੜ ਕੇ ਸੁਆਹ ਹੋ ਗਏ। ਅੱਗ ਇੰਨੀ ਕੁ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੱਕੇ ਘਰਾਂ ਤੇ ਦੁਕਾਨਾਂ ਤਕ ਵੀ ਪਹੁੰਚ ਗਈ। ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਰੋਵਰ ਨੇੜੇ ਮਾਰਕੀਟ ਦਾ ਅੱਗ ਨੇ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ। ਇਸ ਭਿਆਨਕ ਅੱਗ ਨਾਲ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।