ਨਵੀਂ ਦਿੱਲੀ—ਕਰਨਾਟਕ ‘ਚ ਮੰਤਰੀ ਮੰਡਲ ਦਾ ਵਿਸਥਾਰ 12 ਜੂਨ ਨੂੰ ਹੋਵੇਗਾ। ਮੁੱਖ ਮੰਤਰੀ ਐੱਚ. ਡੀ. ਕੁਮਾਰਸੁਆਮੀ 12 ਜੂਨ ਨੂੰ ਰਾਜਪਾਲ ਵਜੁਭਾਈਵਾਲਾ ਨਾਲ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਕਰਨਾਟਕ ‘ਚ ਮੌਜੂਦਾ ਸਮੇਂ ‘ਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ (ਜੇ. ਡੀ. ਐੱਸ.) ਦੀ ਗਠਜੋੜ ਦੀ ਸਰਕਾਰ ਹੈ। ਜਨਤਾ ਦਲ ਸੈਕੂਲਰ ਨੇਤਾ ਐੱਚ. ਡੀ. ਕੁਮਾਰ ਸੁਆਮੀ ਸਰਕਾਰ ਦੀ ਅਗਵਾਈ ਕਰ ਰਹੇ ਹਨ ਅਤੇ ਕਾਂਗਰਸ ਦੇ ਨੇਤਾ ਜੀ. ਪਰਮੇਸੇ ਸੂਬੇ ‘ਚ ਉਪ ਮੁੱਖ ਮੰਤਰੀ ਹਨ।
ਜ਼ਿਕਰਯੋਗ ਹੈ ਕਿ ਸੂਬੇ ‘ਚ ਵਿਧਾਨਸਭਾ ਦੀਆਂ 224 ਸੀਟਾਂ ਹਨ। 2018 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ‘ਚ 104 ਸੀਟਾਂ ਮਿਲੀਆਂ ਸੀ ਪਰ ਕਾਂਗਰਸ ਪਾਰਟੀ 80 ਅਤੇ ਜਨਤਾ ਦਲ ਸੈਕੂਲਰ (ਜੇ. ਡੀ. ਐੱਸ.) 37 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਸਕੀ ਸੀ। ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਬੀ. ਐੱਸ. ਯੇਦੀਯੁਰੱਪਾ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਪਰ ਉਹ ਵਿਧਾਨ ਸਭਾ ਚੋਣਾਂ ‘ਚ ਆਪਣਾ ਬਹੁਮਤ ਸਾਬਿਤ ਨਹੀਂ ਕਰ ਸਕੇ ਸੀ। ਇਸ ਤੋਂ ਬਾਅਦ ਸੂਬੇ ‘ਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ (ਜੇ. ਡੀ. ਐੱਸ.) ਨੇ ਮਿਲ ਕੇ ਗਠਜੋੜ ਦੀ ਸਰਕਾਰ ਬਣਾ ਲਈ ਸੀ ਪਰ ਸਰਕਾਰ ਬਣਾਉਣ ਤੋਂ ਬਾਅਦ ਸੂਬੇ ‘ਚ ਲਗਾਤਾਰ ਰਾਜਨੀਤਿਕ ਅਸਥਿਰਤਾ ਦੇਖਣ ਨੂੰ ਮਿਲਦੀ ਰਹੀ ਹੈ।
ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਅਤੇ ਜੇ. ਡੀ. ਐੱਸ. ਦਾ ਪ੍ਰਦਰਸ਼ਨ ਸੂਬੇ ‘ਚ ਨਿਰਾਸ਼ਾਜਨਕ ਰਿਹਾ ਸੀ। ਕਰਨਾਟਕ ਦੀਆਂ 28 ਲੋਕ ਸਭਾ ਸੀਟਾਂ ‘ਚੋਂ ਭਾਰਤੀ ਜਨਤਾ ਪਾਰਟੀ ਨੇ 25 ਸੀਟਾਂ ਜਿੱਤੀਆਂ ਅਤੇ ਕਾਂਗਰਸ-ਜਨਤਾ ਦਲ ਸੈਕੂਲਰ ਨੇ 1-1 ਸੀਟ ‘ਤੇ ਜਿੱਤ ਪ੍ਰਾਪਤ ਕਰ ਕੇ। 1 ਸੀਟ ਆਜ਼ਾਦ ਦੇ ਖਾਤੇ ‘ਚ ਗਈ ਸੀ।