ਹੈਦਰਾਬਾਦ— ਏ.ਆਈ.ਐੱਮ.ਆਈ.ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਨੇ ਤੇਲੰਗਾਨਾ ਵਿਧਾਨ ਸਭਾ ਦੇ ਸਪੀਕਰ ਦੇ ਸਾਹਮਣੇ ਨੇਤਾ ਵਿਰੋਧੀ ਦੇ ਅਹੁਦੇ ਦਾ ਦਾਅਵਾ ਕਰਨ ਦਾ ਫੈਸਲਾ ਕੀਤਾ ਹੈ। ਕਾਂਗਰਸ ਦੇ 12 ਵਿਧਾਇਕਾਂ ਦੇ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ‘ਚ ਸ਼ਾਮਲ ਹੋਣ ਤੋਂ ਬਾਅਦ ਹਾਲਾਤ ਬਦਲ ਗਏ ਹਨ। ਨਵੇਂ ਹਾਲਤ ‘ਚ ਗਿਣਤੀ ਦੇ ਲਿਹਾਜ ਨਾਲ ਓਵੈਸੀ ਦੀ ਪਾਰਟੀ ਏ.ਆਈ.ਐੱਮ.ਆਈ.ਐੱਮ. ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਓਵੈਸੀ ਨੇ ਕਿਹਾ,”ਅਸੀਂ ਤੇਲੰਗਾਨਾ ਅਸੈਂਬਲੀ ਦੇ ਸਪੀਕਰ ਤੋਂ ਅਪੀਲ ਕਰਾਂਗੇ ਕਿ ਏ.ਆਈ.ਐੱਮ.ਆਈ.ਐੱਮ. ਨੂੰ ਨੇਤਾ ਵਿਰੋਧੀ ਦਲ ਦਾ ਦਰਜਾ ਦਿੱਤਾ ਜਾਵੇ, ਕਿਉਂਕਿ ਹੁਣ ਅਸੀਂ ਰਾਜ ‘ਚ ਦੂਜੀ ਸਭ ਤੋਂ ਵੱਡੀ ਪਾਰਟੀ ਹੈ। ਸਾਡੇ ਕੋਲ ਕਾਂਗਰਸ ਤੋਂ ਵਧ ਵਿਧਾਇਕ ਹਨ। ਸਾਡੀ ਪਾਰਟੀ ਸਪੀਕਰ ਨਾਲ ਮਿਲੇਗੀ ਅਤੇ ਸਾਨੂੰ ਉਮੀਦ ਹੈ ਕਿ ਉਹ ਸਕਾਰਾਤਮਕ ਫੈਸਲਾ ਲੈਣਗੇ।”
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ‘ਚ 17 ‘ਚੋਂ 3 ਸੀਟਾਂ ਜਿੱਤ ਕੇ ਤੇਲੰਗਾਨਾ ‘ਚ ਵਾਪਸੀ ਦੀਆਂ ਕੋਸ਼ਿਸ਼ਾਂ ‘ਚ ਲੱਗੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪਾਰਟੀ ਦੇ 12 ਵਿਧਾਇਕਾਂ ਨੇ ਤੇਲੰਗਾਨਾ ਰਾਸ਼ਟਰ ਕਮੇਟੀ ਦਾ ਹੱਥ ਫੜ ਲਿਆ। ਇਨ੍ਹਾਂ ਬਾਗ਼ੀ ਵਿਧਾਇਕਾਂ ਦੀ ਅਪੀਲ ‘ਤੇ ਵਿਧਾਨ ਸਭਾ ਸਪੀਕਰ ਪੀ. ਸ਼੍ਰੀਨਿਵਾਸ ਨੇ ਉਨ੍ਹਾਂ ਦੇ ਟੀ.ਆਰ.ਐੱਸ. ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ। ਦਰਅਸਲ ਟੀ.ਆਰ.ਐੱਸ. ਨੇ ਕਾਂਗਰਸ ਨੂੰ ਤੋੜਨ ਦੀ ਰਣਨੀਤੀ ‘ਤੇ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਕਾਂਗਰਸ ਪਾਰਟੀ ਇਸ ਨੂੰ ਸਮਝ ਨਹੀਂ ਸਕੀ। ਕਾਂਗਰਸ ਦੇ 12 ਵਿਧਾਇਕਾਂ ਦੇ ਪਾਲਾ ਬਦਲਣ ਤੋਂ ਬਾਅਦ ਹੁਣ ਅਸਦੁਦੀਨ ਦੀ ਪਾਰਟੀ ਏ.ਆਈ.ਐੱਮ.ਆਈ.ਐੱਮ. 7 ਵਿਧਾਇਕਾਂ ਨਾਲ ਵਿਧਾਨ ਸਭਾ ‘ਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਕਾਂਗਰਸ ਦੇ ਹੁਣ ਸਿਰਫ਼ 6 ਵਿਧਾਇਕ ਹੀ ਬਚੇ ਹਨ।