ਦੁਬਈ— ਬੀਤੇ ਦਿਨੀਂ ਦੁਬਈ ‘ਚ ਬੱਸ ਹਾਦਸੇ ‘ਚ ਮਰਨ ਵਾਲੇ 12 ਭਾਰਤੀਆਂ ‘ਚੋਂ 11 ਦੀਆਂ ਲਾਸ਼ਾਂ ਐਤਵਾਰ ਨੂੰ ਭਾਰਤ ਭੇਜ ਦਿੱਤੀਆਂ ਗਈਆਂ ਅਤੇ 22 ਸਾਲ ਦੀ ਇਕ ਹੋਰ ਭਾਰਤੀ ਔਰਤ ਦਾ ਇੱਥੇ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਓਮਾਨ ਤੋਂ ਦੁਬਈ ਪੁੱਜੀ ਬੱਸ ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਈ ਸੀ। ਹਾਦਸੇ ‘ਚ 12 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਬੱਸ ‘ਚ ਸਵਾਰ ਜ਼ਿਆਦਾਤਰ ਲੋਕ ਈਦ ਦੀ ਛੁੱਟੀ ਮਨਾਉਣ ਲਈ ਓਮਾਨ ਤੋਂ ਸੰਯੁਕਤ ਰਾਜ ਅਮੀਰਾਤ ਪੁੱਜੇ ਸਨ।
ਮ੍ਰਿਤਕ ਦੇਹਾਂ ਨੂੰ ਭੇਜਣ ਵਾਲੀ ਉਡਾਣ ਪ੍ਰਬੰਧ ਨਾਲ ਜੁੜੇ ਇਕ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਆਖਰੀ ਤਿੰਨ ਮ੍ਰਿਤਕ ਦੇਹਾਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂਂ ਮੁੰਬਈ ਭੇਜੇ ਜਾਣ ਦੇ ਨਾਲ ਹੀ 11 ਮ੍ਰਿਤਕਾਂ ਦੇਹਾਂ ਨੂੰ ਭਾਰਤ ਭੇਜਣ ਦਾ ਕੰਮ ਪੂਰਾ ਹੋ ਗਿਆ। ਉਡਾਣ ਐਤਵਾਰ ਤੜਕੇ 3.39 ਵਜੇ ਰਵਾਨਾ ਹੋਈ।
ਅਧਿਕਾਰੀਆਂ ਨੇ ਕਿਹਾ,”ਇਸ ਸਬੰਧੀ ਪ੍ਰਕਿਰਿਆਵਾਂ ਬੀਤੀ ਰਾਤ 11.45 ਵਜੇ ਪੂਰੀਆਂ ਹੋ ਗਈਆਂ ਸਨ। ਇਸ ਦੌਰਾਨ ਹਾਦਸੇ ‘ਚ ਮਰਨ ਵਾਲਿਆਂ ‘ਚੋਂ ਸਭ ਤੋਂ ਘੱਟ ਉਮਰ ਦੀ ਰੋਸ਼ਨੀ ਮੂਲਚੰਦਾਨੀ (22) ਦਾ ਇੱਥੇ ਸ਼ਨੀਵਾਰ ਨੂੰ ਜੇਬੇਲ ਆਲੀ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਮੂਲਚੰਦਾਨੀ ਦੇ ਪਰਿਵਾਰ ਦੀ ਮਦਦ ਕਰ ਰਹੇ ਇਕ ਸਮਾਜਿਕ ਕਾਰਜਕਰਤਾ ਨੇ ਕਿਹਾ ਕਿ ਉਸ ਦਾ ਪਰਿਵਾਰ ਭਾਰਤ ਤੋਂ ਆਇਆ ਤੇ ਇੱਥੇ ਅੰਤਿਮ ਸੰਸਕਾਰ ਕੀਤਾ।
ਦੁਬਈ ‘ਚ ਭਾਰਤ ਦੇ ਕੌਂਸਲ ਜਨਰਲ ਵਿਪੁਲ ਨੇ ਕਿਹਾ ਸੀ ਕਿ ਜੇਕਰ ਪਰਿਵਾਰ ਖਰਚ ਨਹੀਂ ਦਿੰਦੇ ਤਾਂ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦਾ ਕੰਮ ਏਅਰ ਇੰਡੀਆ ਮੁਫਤ ‘ਚ ਕਰੇਗੀ।