ਜਲੰਧਰ : 1984 ‘ਚ ਭਾਰਤੀ ਫੌਜ ਵਲੋਂ ਸਾਕਾ ਨੀਲਾ ਤਾਰਾ ਦੇ ਦੌਰਾਨ ਆਪਣੇ ਕਬਜ਼ੇ ‘ਚ ਲਏ ਗਏ ਸਿੱਖ ਧਾਰਮਿਕ ਗ੍ਰੰਥਾਂ ਅਤੇ ਸਾਹਿਤ ਦੀ ਵਾਪਸੀ ਨੂੰ ਲੈ ਕੇ ਸਾਹਮਣੇ ਆ ਰਹੇ ਨਿੱਤ ਨਵੇਂ ਖੁਲਾਸਿਆਂ ਕਾਰਣ ਸਿੱਖ ਸਿਆਸਤ ‘ਚ ਉਬਾਲ ਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਫੌਜ ਵਲੋਂ ਉਸ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ, ਕੇਂਦਰੀ ਸਿੱਖ ਅਜਾਇਬਘਰ, ਤੋਸ਼ਾਖਾਨਾ, ਸ਼੍ਰੋਮਣੀ ਕਮੇਟੀ ਦਫਤਰ ਤੇ ਗੁਰੂ ਰਾਮਦਾਸ ਲਾਇਬ੍ਰੇਰੀ ਤੋਂ ਜ਼ਬਤ ਕੀਤੇ ਸਾਮਾਨ ਦੀ ਵਾਪਸੀ ‘ਤੇ, ਸ਼੍ਰੋਮਣੀ ਕਮੇਟੀ ਦੀ ਸ਼ੱਕੀ ਚੁੱਪੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੰਭੀਰ ਸਵਾਲ ਖੜ੍ਹੇ ਕੀਤੇ। ਜੀ.ਕੇ. ਨੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਕੌਮ ਨੂੰ ਗੁੰਮਰਾਹ ਕਰ ਰਹੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ‘ਤੇ ਤੁਰੰਤ ਵ੍ਹਾਈਟ ਪੱਤਰ ਜਾਰੀ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ‘ਤੇ ਪੰਥ ਦਾ ਸੌਦਾ ਕਰਨ ਦਾ ਦੋਸ਼ ਲੱਗਦਾ ਸੀ ਪਰ ਹੁਣ ਤਾਂ ਗ੍ਰੰਥ ਨੂੰ ਹੀ ਵੇਚਣ ਦੀ ਸੱਚਾਈ ਸਾਹਮਣੇ ਆ ਗਈ ਹੈ। 12 ਕਰੋੜ ‘ਚ ਇਕ ਹਸਤਲਿਖਤ ਸਰੂਪ ਕਮੇਟੀ ਦੇ ਨੁਮਾਇੰਦਿਆਂ ਵਲੋਂ ਵੇਚਣ ਦੇ ਮੀਡੀਆ ਵਲੋਂ ਕੀਤੇ ਗਏ ਦਾਅਵੇ ਦੇ ਬਾਅਦ ਜੀ. ਕੇ. ਨੇ ਕਿਹਾ ਕਿ ਹੁਣ ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ‘ਤੇ ਹਮਲੇ ਦੇ ਬਾਅਦ ਸਰਕਾਰ ਵੀ ਇਸ ਦਬਾਅ ‘ਚ ਸੀ ਕਿ ਜੇਕਰ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇੰਦਰਾ ਗਾਂਧੀ ਵਲੋਂ ਲਿਖੇ ਖ਼ਤ ਸਿੱਖਾਂ ਦੇ ਹੱਥ ਲੱਗ ਗਏ ਤਾਂ ਇਹ ਸਿੱਖਾਂ ਦੇ ਕੋਲ ਸਰਕਾਰ ਦੇ ਵਿਸ਼ਵਾਸਘਾਤ ਦਾ ਅਹਿਮ ਦਸਤਾਵੇਜ਼ ਹੋਵੇਗਾ। ਇਸ ਲਈ ਹੀ ਹਮਲੇ ਦੇ ਬਾਅਦ ਸਰਕਾਰ ਨੇ ਇਸ ਪੱਤਰ ਨੂੰ ਲੈ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਹੋਰ ਸਥਾਨਾਂ ਤੋਂ ਸਾਰੇ ਦਸਤਾਵੇਜ਼ ਜ਼ਬਤ ਕੀਤੇ ਸਨ ਤਾਂ ਜੋ ਭਿੰਡਰਾਂਵਾਲੇ ਨੂੰ ਲਿਖਿਆ ਪੱਤਰ ਵਾਪਸ ਪ੍ਰਾਪਤ ਕੀਤਾ ਜਾ ਸਕੇ। ਜੀ. ਕੇ. ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਹੁਣ ਵੀ ਇਹ ਦੱਸਣ ਦੀ ਹਾਲਤ ‘ਚ ਨਹੀਂ ਹੈ ਕਿ ਕਮੇਟੀ ਦਾ ਕਿੰਨਾ ਧਾਰਮਿਕ ਅਤੇ ਸਾਹਿਤਕ ਖਜ਼ਾਨਾ ਲੁੱਟਿਆ ਗਿਆ ਹੈ ਅਤੇ ਕਿੰਨਾ ਵਾਪਸ ਆਇਆ ਹੈ।
ਜੀ. ਕੇ. ਨੇ ਜਾਣਕਾਰੀ ਦਿੱਤੀ ਕਿ ਕੌਮ ਦੇ ਮਹਾਨ ਵਿਦਵਾਨ ਗੰਢਾ ਸਿੰਘ ਅਤੇ ਸਿੱਖ ਇਤਿਹਾਸ ਸੋਸਾਇਟੀ ਵਲੋਂ 27 ਮਾਰਚ 1947 ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਸੀ। ਇਸ ਲਾਇਬ੍ਰੇਰੀ ਵਿਚ ਹਸਤਲਿਖਤ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੇ ਸਰੂਪ, ਗੁਰੂ ਸਾਹਿਬ ਦੇ ਹੁਕਮਨਾਮੇ, ਸਾਹਿਤਕ ਪਾਂਡੂਲਿਪੀਆਂ ਅਤੇ ਧਾਰਮਿਕ ਸਾਹਿਤ ਦੀ ਮਹੱਤਵਪੂਰਨ ਰਹਿੰਦ-ਖੂੰਹਦ ਸੀ। ਹਮਲੇ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਅਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੇ ਸਾਹਿਤਕ ਖਜ਼ਾਨੇ ਨੂੰ ਬਚਾਉਣ ਲਈ ਬ੍ਰਿਗੇਡੀਅਰ ਉਂਕਾਰ ਸਿੰਘ ਗੁਰਾਇਆ ਦੇ ਨਾਲ ਮਿਲ ਕੇ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਹੋ ਪਾਏ। 9 ਜੂਨ 1984 ਨੂੰ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਗਿਆਨੀ ਕ੍ਰਿਪਾਲ ਸਿੰਘ ਨੂੰ ਫੋਨ ‘ਤੇ ਦੱਸਿਆ ਸੀ ਕਿ ਫੌਜ ਵਲੋਂ ਜ਼ਬਤ 125 ਬੋਰੀਆਂ ਨੂੰ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੈ।
ਜੀ. ਕੇ. ਨੇ ਖੁਲਾਸਾ ਕੀਤਾ ਕਿ ਫੌਜ ਨੇ ਸਾਰਾ ਸਾਮਾਨ ਸੀ. ਬੀ. ਆਈ. ਨੂੰ ਸੌਂਪ ਦਿੱਤਾ ਸੀ ਤਾਂ ਜੋ ਦਿੱਲੀ ਵਿਚ ਚੱਲ ਰਹੇ ਇਕ ਕੇਸ ਵਿਚ ਭਿੰਡਰਾਂਵਾਲੇ ਦਾ ਲਿੰਕ ਵਿਦੇਸ਼ੀ ਏਜੰਸੀਆਂ ਨਾਲ ਸਾਬਤ ਕੀਤਾ ਜਾ ਸਕੇ ਪਰ ਸੀ. ਬੀ. ਆਈ. ਨੂੰ ਇਸ ਸਾਹਿਤਕ ਖਜ਼ਾਨੇ ਵਿਚੋਂ ਦੇਸ਼ ਵਿਰੋਧੀ ਕੁੱਝ ਵੀ ਨਹੀਂ ਮਿਲਿਆ ਸੀ। ਆਖ਼ਿਰਕਾਰ ਕੋਰਟ ਦੇ ਆਦੇਸ਼ ਉੱਤੇ ਸੀ. ਬੀ. ਆਈ. ਨੂੰ ਇਹ ਖਜ਼ਾਨਾ ਵਾਪਸ ਦੇਣ ਨੂੰ ਮਜਬੂਰ ਹੋਣਾ ਪਿਆ ਸੀ ਪਰ ਸ਼੍ਰੋਮਣੀ ਕਮੇਟੀ ਇਸ ਤੱਥ ਨੂੰ ਝੂਠਲਾਉਣਾ ਚਾਹੁੰਦੀ ਹੈ ਜਦੋਂਕਿ ਤਮਾਮ ਮੀਡੀਆ ਰਿਪੋਰਟ ਇਹ ਖੁਲਾਸਾ ਕਰ ਰਹੀ ਹੈ ਕਿ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦੇ ਭਾਈ ਹਰੀਦਾਸ ਵਲੋਂ ਲਿਖਤ ਆਦਿ ਗੁਰੂ ਗ੍ਰੰਥ ਸਾਹਿਬ ਦਾ ਇਕ ਸਰੂਪ, ਜਿਸ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਸਨ ਅਤੇ ਗੁਰੂ ਸਾਹਿਬ ਨੇ ਆਪਣੇ-ਆਪ ਇਹ ਸਰੂਪ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦਾ ਮੁਖੀ ਨਿਯੁਕਤ ਕਰਦੇ ਸਮੇਂ 1701 ਵਿਚ ਸਪੁਰਦ ਕੀਤਾ ਸੀ, ਉੱਤੇ ਇਸ ਸਰੂਪ ਨੂੰ 12 ਕਰੋੜ ਵਿਚ ਵੇਚਣ ਦੀ ਗੱਲ ਸਾਹਮਣੇ ਆ ਰਹੀ ਹੈ। ਜਿਸ ਕਮੇਟੀ ਦੀ ਜ਼ਿੰਮੇਦਾਰੀ ਕੌਮ ਦੇ ਖਜ਼ਾਨੇ ਨੂੰ ਬਚਾਉਣ ਦੀ ਸੀ, ਉਹ ਖਜ਼ਾਨੇ ਨੂੰ ਵੇਚਣ ਦੇ ਬਾਅਦ ਵੀ ਸਰਕਾਰ ਤੋਂ ਖਜ਼ਾਨੇ ਦੀ ਵਾਪਸੀ ਦੀ ਬੇਸ਼ਰਮੀ ਨਾਲ ਮੰਗ ਕਰਕੇ ਕੌਮ ਦੀ ਪਿੱਠ ‘ਤੇ ਛੁਰਾ ਮਾਰ ਰਹੀ ਹੈ।