ਮੁੰਬਈ— ਚੱਕਰਵਾਤੀ ਤੂਫਾਨ ‘ਵਾਯੂ’ ਵੀਰਵਾਰ ਦੀ ਸਵੇਰ ਨੂੰ ਗੁਜਰਾਤ ਤੱਟ ਨਾਲ ਟਕਰਾਏਗਾ। ਮੌਸਮ ਵਿਭਾਗ ਮੁਤਾਬਕ ਇਹ ਤੂਫਾਨ ਬਹੁਤ ਗੰਭੀਰ ਰੂਪ ਲੈ ਸਕਦਾ ਹੈ, ਇਸ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤੂਫਾਨ ਵਾਯੂ ਦੇ ਗੰਭੀਰ ਪ੍ਰਭਾਵ ਨੂੰ ਦੇਖਦੇ ਹੋਏ ਐੱਨ. ਡੀ. ਆਰ. ਐੱਫ. ਦੀਆਂ 36 ਟੀਮਾਂ ਗੁਜਰਾਤ ਵਿਚ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਵਿਚ ਵੀ ਬਚਾਅ ਦਲ ਸਰਗਰਮ ਹੈ। ਇਹ ਤੂਫਾਨ ਉੱਤਰੀ-ਪੱਛਮੀ ਵਲੋਂ ਗੁਜਰਾਤ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਤੂਫਾਨ ਦਾ ਅਸਰ ਮੁੰਬਈ ‘ਚ ਦੇਖਣ ਨੂੰ ਮਿਲਿਆ, ਜਿੱਥੇ ਸਵੇਰੇ ਤੇਜ਼ ਹਵਾਵਾਂ ਚੱਲੀਆਂ। ਤੇਜ਼ ਹਵਾ ਕਾਰਨ ਦਰੱਖਤ ਜੜ੍ਹੋ ਪੁੱਟੇ ਗਏ ਅਤੇ ਸੜਕਾਂ ਬਲਾਕ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਤੋਂ ਇਲਾਵਾ ਦਮਨ-ਦਿਓ, ਵਲਸਾੜ, ਪੋਰਬੰਦਰ, ਮਹੁਵਾ ‘ਚ ਤੇਜ਼ ਮੀਂਹ ਨਾਲ ਹਵਾਵਾਂ ਚੱਲਣ ਲੱਗੀਆਂ ਹਨ।
ਮੌਸਮ ਵਿਭਾਗ ਮੁਤਾਬਕ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਵਾਯੂ ਵਧ ਰਿਹਾ ਹੈ। 13 ਜੂਨ ਯਾਨੀ ਕਿ ਵੀਰਵਾਰ ਦੀ ਸਵੇਰ ਨੂੰ ਇਹ ਗੁਜਰਾਤ ਦੇ ਪੋਰਬੰਦਰ ਅਤੇ ਮਹੁਵਾ ਇਲਾਕਿਆਂ ਵਿਚ ਤਬਾਹੀ ਮਚਾ ਸਕਦਾ ਹੈ। ਇੱਥੇ ਤੂਫਾਨ ਦੀ ਰਫਤਾਰ 120 ਤੋਂ 135 ਕਿਲੋਮੀਟਰ ਰਹਿ ਸਕਦੀ ਹੈ। ਤੂਫਾਨ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।