ਲਖਨਊ— ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਜ਼ਿਲਿਆਂ ਦੇ ਡੀ.ਐੱਮ. ਅਤੇ ਐੱਸ.ਐੱਸ.ਪੀ. ਦੀ ਬੈਠਕ ਬੁਲਾਈ ਹੈ। ਇਸ ਬੈਠਕ ਦੀ ਖਾਸ ਗੱਲ ਇਹ ਹੈ ਕਿ ਮੀਟਿੰਗ ਹਾਲ ‘ਚ ਜਾਣ ਤੋਂ ਪਹਿਲਾਂ ਸਾਰੇ ਅਧਿਕਾਰੀਆਂ ਦੇ ਮੋਬਾਇਲ ਫੋਨ ਬਾਹਰ ਹੀ ਜਮ੍ਹਾ ਕਰਵਾ ਲਏ ਗਏ। ਦੱਸਿਆ ਜਾ ਰਿਹਾ ਹੈ ਕਿ ਬੈਠਕ ‘ਚ ਕਈ ਅਧਿਕਾਰੀਆਂ ਨੂੰ ਫਟਕਾਰ ਲਗਾਈ ਜਾ ਸਕਦੀ ਹੈ, ਅਜਿਹੇ ‘ਚ ਕੋਈ ਮੀਟਿੰਗ ਦਾ ਵੀਡੀਓ ਜਾਂ ਤਸਵੀਰਾਂ ਬਣਾ ਕੇ ਵਾਇਰਲ ਨਾ ਕਰੇ, ਇਸ ਲਈ ਹਰ ਕਿਸੇ ਦਾ ਮੋਬਾਇਲ ਜਮ੍ਹਾ ਕਰਵਾ ਲਿਆ ਗਿਆ ਹੈ। ਸੋਮਵਾਰ ਨੂੰ ਯੋਗੀ ਨੇ ਪੁਲਸ ਡਾਇਰੈਕਟਰ ਜਨਰਲ, ਗ੍ਰਹਿ ਸਕੱਤਰ ਅਤੇ ਹੋਰ ਪ੍ਰਮੁੱਖ ਅਧਿਕਾਰੀਆਂ ਨਾਲ ਬੱਚਿਆਂ ਵਿਰੁੱਧ ਭਿਆਨਕ ਅਪਰਾਧਾਂ ਦੇ ਵਾਧੇ ‘ਤੇ ਚਰਚਾ ਕੀਤੀ ਸੀ। ਉਨ੍ਹਾਂ ਨੇ ਅਲੀਗੜ੍ਹ ‘ਚ ਇਕ ਬੱਚੀ ਦੇ ਸਨਸਨੀਖੇਜ਼ ਕਤਲ ਦੇ ਮਾਮਲੇ ‘ਚ ਹੋਈ ਕਾਰਵਾਈ ਦੀ ਤਰੱਕੀ ਦੀ ਵੀ ਸਮੀਖਿਆ ਕੀਤੀ। ਇਸ ਬੈਠਕ ਤੋਂ ਬਾਅਦ ਯੋਗੀ ਨੇ ਰਾਜ ਦੇ ਸਾਰੇ ਡੀ.ਐੱਮ. ਅਤੇ ਐੱਸ.ਐੱਸ.ਪੀ., ਐੱਸ.ਪੀ. ਨੂੰ ਲਖਨਊ ਤਲੱਬ ਕੀਤਾ।
ਹਾਲ ਦੇ ਬਾਹਰ ਲਗਾਇਆ ਵੱਡਾ ਸਟਾਲ
ਮੀਟਿੰਗ ਹਾਲ ‘ਚ ਜਾਣ ਤੋਂ ਪਹਿਲਾਂ ਹਾਲ ਦੇ ਬਾਹਰ ਕਿ ਵੱਡਾ ਸਟਾਲ ਲਗਾਇਆ ਗਿਆ। ਇੱਥੇ ਸਾਰੇ ਡੀ.ਐੱਮ., ਐੱਸ.ਐੱਸ.ਪੀ. ਅਤੇ ਐੱਸ.ਪੀ. ਦੇ ਮੋਬਾਇਲ ਜਮ੍ਹਾ ਕਰਵਾ ਲਏ ਗਏ। ਮੋਬਾਇਲ ਜਮ੍ਹਾ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਮੋਬਾਇਲ ‘ਤੇ ਜ਼ਿਲੇ ਦੇ ਨਾਂ ਅਤੇ ਅਹੁਦੇ ਦੀ ਸਲਿਪ ਵੀ ਚਿਪਕਾ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਇਸ ਤਰ੍ਹਾਂ ਦੀ ਕਿਸੇ ਬੈਠਕ ‘ਚ ਅਧਿਕਾਰੀਆਂ ਦੇ ਮੋਬਾਇਲ ਜਮ੍ਹਾ ਕਰਵਾਏ ਗਏ ਹਨ।
16 ਜੂਨ ਤੋਂ ਫੀਡਬੈਕ ਟੂਰ ਕਰਨ ਦੀ ਤਿਆਰੀ
ਉੱਤਰ ਪ੍ਰਦੇਸ਼ ‘ਚ ਤੇਜ਼ੀ ਨਾਲ ਵਧਦੇ ਅਪਰਾਧ ਅਤੇ ਵਿਗੜਦੀ ਕਾਨੂੰਨ ਵਿਵਸਥਾ ਦਰਮਿਆਨ ਮੁੱਖ ਮੰਤਰੀ ਯੋਗੀ 16 ਜੂਨ ਤੋਂ ਰਾਜ ਦਾ ਇਕ ਫੀਡਬੈਕ ਟੂਰ ਸ਼ੁਰੂ ਕਰਨ ਦੀ ਤਿਆਰੀ ‘ਚ ਹਨ। ਰਾਜ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਯੋਗੀ ਸਾਰੇ ਮਹੱਤਵਪੂਰਨ ਜ਼ਿਲਿਆਂ ਦਾ ਦੌਰਾ ਕਰਨਗੇ, ਜਿੱਥੇ ਉਹ ਪਿੰਡ ਵਾਸੀਆਂ ਨਾਲ ‘ਚੌਪਾਲ’ ਬੈਠਕ ਕਰਨਗੇ ਅਤੇ ਪੁਲਸ ਥਾਣਿਆਂ, ਹਸਪਤਾਲਾਂ, ਤਹਿਸੀਲਾਂ ਅਤੇ ਸਕੂਲਾਂ ਦਾ ਨਿਰੀਖਣ ਕਰਨਗੇ। ਪਿੰਡ ਵਾਸੀਆਂ ਨਾਲ ਗੱਲਬਾਤ ਲਈ ਮੁੱਖ ਮੰਤਰੀ ਪਿੰਡਾਂ ‘ਚ ਰਾਤ ਨੂੰ ਆਰਾਮ ਵੀ ਕਰ ਸਕਦੇ ਹਨ।