ਕੁਝ ਲੋਕ ਕੇਵਲ ਫ਼ਾਲਤੂ ਦੀ ਬਕਵਾਸ ਕਰਨਾ ਪਸੰਦ ਕਰਦੇ ਹਨ। ਜਦੋਂ ਉਨ੍ਹਾਂ ਕੋਲ ਦੇਣ ਲਈ ਕੋਈ ਚੰਗੀ ਜਾਣਕਾਰੀ ਵੀ ਹੁੰਦੀ ਹੈ ਤਾਂ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਤੋੜਨ ਮਰੋੜਨ ਵਿੱਚ ਕਾਮਯਾਬ ਹੋ ਜਾਂਦੇ ਨੇ। ਜਾਂ ਫ਼ਿਰ ਉਹ ਕਿਸੇ ਮਾਸੂਮ ਆਲੋਚਨਾ ‘ਤੇ ਤਨਜ਼ ਦੀ ਸਾਨ੍ਹ ਚਾੜ੍ਹ ਦਿੰਦੇ ਨੇ। ਬਹੁਤੇ ਲੋਕ ਇਸ ਬੀਮਾਰੀ ਦੇ ਲੱਛਣਾਂ ਨੂੰ ਸਿਆਣਨ ਦੇ ਭਲੀ ਪ੍ਰਕਾਰ ਕਾਬਿਲ ਹੁੰਦੇ ਨੇ, ਅਤੇ ਉਨ੍ਹਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਭਾਵਨਾਤਮਕ ਰੋਕਾਂ ਵੀ ਉਸਾਰ ਲੈਂਦੇ ਹਨ। ਪਰ ਤੁਸੀਂ ਤਾਂ ਆਪਣੀ ਸੰਵੇਦਨਸ਼ੀਲਤਾ ਲਈ ਮਸ਼ਹੂਰ ਹੋ। ਜਿਹੜੀਆਂ ਚੀਜ਼ਾਂ ਨੂੰ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਕੇ ਦਰਕਿਨਾਰ ਕਰ ਦੇਣਾ ਚਾਹੀਦੈ, ਤੁਸੀਂ ਉਨ੍ਹਾਂ ਪਿੱਛੇ ਛੁਪੇ ਹੋਏ ਮਤਲਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਕੋਈ ਜੋ ਕੁਝ ਮਰਜ਼ੀ ਕਹੇ, ਪਰ ਆਪਣੀ ਭਾਵਨਾਤਮਕ ਜ਼ਿੰਦਗੀ ਵਿੱਚ ਉਸੇ ‘ਤੇ ਡਟੇ ਰਹੋ ਜੋ ਤੁਹਾਡੀ ਨਜ਼ਰ ਵਿੱਚ ਸਹੀ ਅਤੇ ਸੱਚ ਹੈ।
ਕਈ ਵਾਰ, ਸਾਡੀ ਕਿਸਮਤ ਦੀ ਇਨਚਾਰਜ ਅਪਸਰਾ ਸਾਡੇ ‘ਤੇ ਮਿਹਰਬਾਨ ਹੋ ਕੇ ਸਾਡੇ ਮੋਢੇ ‘ਤੇ ਆਪਣੀ ਜਾਦੂ ਦੀ ਛੜੀ ਰੱਖ ਦਿੰਦੀ ਹੈ ਤਾਂ ਸਭ ਕੁਝ ਸਾਡੇ ਹੱਕ ਵਿੱਚ ਭੁਗਤਣ ਲੱਗਦੈ। ਕਈ ਵਾਰ, ਉਹ ਸਾਡੇ ਘਰ ਦੇ ਬੂਹੇ ਨਾਲੋਂ ਬਸ ਖਹਿ ਕੇ ਕਾਹਲੀ ਨਾਲ ਲੰਘ ਜਾਂਦੀ ਹੈ, ਪਰ ਜਾਂਦੀ ਹੋਈ ਵੀ ਉਹ ਕੋਈ ਨਾ ਕੋਈ ਪੈਕੇਟ ਸਾਡੇ ਲਈ ਸਾਡੇ ਦੁਆਰ ‘ਤੇ ਛੱਡ ਜਾਂਦੀ ਹੈ। ਉਸ ਵਲੋਂ ਪਹੁੰਚਾਇਆ ਗਿਆ ਸਾਮਾਨ ਅਕਸਰ ਅਜੀਬੋ ਗ਼ਰੀਬ ਹੁੰਦੈ। ਉਸ ਉੱਪਰ ਬਹੁਤ ਘੱਟ ਹੀ ਭੇਜਣ ਵਾਲੇ ਦਾ ਕੋਈ ਨਾਮ-ਪਤਾ ਲਿਖਿਆ ਹੁੰਦੈ। ਅਕਸਰ, ਇਹ ਪੈਕੇਟ ਸਮੱਸਿਆਵਾਂ ਦਾ ਰੂਪ ਦੇ ਕੇ ਸਾਨੂੰ ਵੰਡੇ ਜਾਂਦੇ ਹਨ। ਹਾਲਾਂਕਿ ਅਸੀਂ ਇਸ ਬਹਿਰੂਪ ਦੀ ਅਸਲੀਅਤ ਸਪੱਸ਼ਟ ਦੇਖ ਸਕਦੇ ਹਾਂ, ਪਰ ਜਿਉਂ ਜਿਉਂ ਅਸੀਂ ਉਨ੍ਹਾਂ ਨੂੰ ਖੋਲਦੇ ਹਾਂ, ਸਾਨੂੰ ਅਹਿਸਾਸ ਹੁੰਦਾ ਜਾਂਦਾ ਹੈ ਕਿ ਸਾਨੂੰ ਤਾਂ ਇੱਕ ਸੈਲਫ਼ ਹੈੱਲਪ ਕਿੱਟ ਜਾਂ ਖ਼ੁਦ ਜੋੜ ਕੇ ਬਣਾਉਣ ਲਈ ਕੁਝ ਪੁਰਜ਼ੇ ਦਿੱਤੇ ਗਏ ਹਨ। ਤੁਹਾਨੂੰ ਉਨ੍ਹਾਂ ਨੂੰ ਜੋੜਨ ਲਈ ਥੋੜ੍ਹੀ ਮਗ਼ਜ਼ਪੱਚੀ ਜ਼ਰੂਰ ਕਰਨੀ ਪਵੇਗੀ, ਪਰ ਫ਼ਿਰ ਵੀ ਅੰਤ ਵਿੱਚ ਤੁਹਾਡੇ ਕੋਲ ਖ਼ੁਸ਼ ਹੋਣ ਲਈ ਬਹੁਤ ਕੁਝ ਹੋਵੇਗਾ।
ਠੀਕ ਜਦੋਂ ਤੁਸੀਂ ਸੋਚਿਆ ਸੀ ਕਿ ਪਾਣੀ ਵਿੱਚ ਦੋਬਾਰਾ ਵਾਪਿਸ ਜਾਣਾ ਸੁਰੱਖਿਅਤ ਹੈ … ਠੀਕ ਜਦੋਂ ਤੁਸੀਂ ਸੋਚਿਅ ਸੀ ਕਿ ਨਾਟਕ ਦਾ ਅੰਤ ਹੋ ਚੁੱਕੈ … ਠੀਕ ਜਦੋਂ ਤੁਸੀਂ ਸੋਚਿਆ ਸੀ ਕਿ ਤੁਹਾਨੂੰ ਪਤੈ ਕਿ ਕਿਹੜੇ ਮੱਦਿਆਂ ‘ਤੇ ਤੁਸੀਂ ਕਿੱਥੇ ਖੜ੍ਹੇ ਹੋ। ਇੰਝ ਜਾਪਣ ਲੱਗਾ ਹੈ ਕਿ ਤੁਹਾਨੂੰ ਸਮਝਣ ਵਿੱਚ ਗ਼ਲਤੀ ਲੱਗੀ ਹੈ। ਜਾਂ ਸ਼ਾਇਦ ਤੁਹਾਨੂੰ ਹੀ ਗ਼ਲਤ ਸਮਝਿਆ ਜਾ ਰਿਹੈ। ਭੰਬਲਭੂਸੇ ਦੇ ਸ੍ਰੋਤ ਨੂੰ ਇੱਕ ਵਾਰ ਫ਼ਿਰ ਤੋਂ ਭੜਕਾਇਆ ਜਾ ਰਿਹੈ। ਤੁਸੀਂ ਇਸ ਬਾਬਤ ਬਹੁਤਾ ਕੁਝ ਨਹੀਂ ਕਰ ਸਕਦੇ … ਟਿਕੇ ਰਹਿਣ ਅਤੇ ਥੋੜ੍ਹਾ ਭਰੋਸਾ ਰੱਖਣ ਤੋਂ ਇਲਾਵਾ। ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਪ੍ਰਤੱਖ ਉਨਮਾਦ ਦੇ ਬਾਵਜੂਦ ਹਾਲਾਤ ਠੀਕ ਹੋ ਜਾਣਗੇ। ਭਵਿੱਖ ਦੀਆਂ ਘਟਨਾਵਾਂ ਆਪਣੇ ਨਾਲ ਲੋੜੀਂਦੀ ਸਪੱਸ਼ਟਤਾ ਅਤੇ ਮਦਦ ਲੈ ਕੇ ਆਉਣਗੀਆਂ। ਵਿਸ਼ਵਾਸ ਰੱਖੋ!
ਕਹਿੰਦੇ ਨੇ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਇਸ ਗ੍ਰਹਿ ‘ਤੇ ਇੱਕ ਵੀ ਬੰਦਾ ਅਜਿਹਾ ਨਹੀਂ ਹੋਣਾ ਜਿਸ ਕੋਲ ਕਹਿਣ ਨੂੰ ਕੁਝ ਨਾ ਹੋਵੇ। ਸਾਡੇ ‘ਚੋਂ ਬਹੁਤ ਹੀ ਘੱਟ ਲੋਕ ਆਪਣੇ ਆਲੇ ਦੁਆਲੇ ਵਿਚਰਦੇ ਇਨਸਾਨਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਵੱਲ ਓਨਾ ਧਿਆਨ ਦਿੰਦੇ ਹਨ ਜਿੰਨਾ ਦੇਣਾ ਚਾਹੀਦੈ। ਜੇ ਹਾਲਾਤ ਸੁਖਾਵੇਂ ਹੋਣ ਤਾਂ ਅਸੀਂ ਵੱਧ ਤੋਂ ਵੱਧ ਆਪਣੇ ਬੁਲ੍ਹ ਹਿਲਾ ਕੇ ਸਾਰ ਦਿੰਦੇ ਹਾਂ; ਜੇ ਹਾਲਾਤ ਭੈੜੇ ਹੋਣ ਤਾਂ ਅਸੀਂ ਇੱਕ ਦੂਜੇ ਦੀਆਂ ਸਭ ਤੋਂ ਡੂੰਘੀਆਂ ਅਤੇ ਗਹਿਰ ਗੰਭੀਰ ਸੰਵੇਦਨਸ਼ੀਲਤਾਵਾਂ ਨੂੰ ਵੀ ਆਪਣੀ ਆਕੜ ਦੇ ਘੋੜੇ ਦੇ ਪੈਰਾਂ ਹੇਠ ਦਰੜਦੇ ਹੋਏ ਨਿਕਲ ਜਾਂਦੇ ਹਾਂ। ਫ਼ਿਰ ਅਸੀਂ ਹੈਰਾਨ ਹੁੰਦੇ ਹਾਂ ਕਿ ਇਹ ਸੰਸਾਰ ਅਜਿਹੇ ਇਨਸਾਨਾਂ ਨਾਲ ਕਿਉਂ ਭਰਿਆ ਪਿਆ ਹੈ ਜਿਹੜੇ ਬਹੁਤ ਜ਼ਿਆਦਾ ਤੰਗ ਆ ਚੁੱਕੇ ਨੇ। ਇਸ ਵਕਤ ਵਾਸਤਵਿਕਤਾ ਅਤੇ ਅਰਥ ਭਰਪੂਰ ਸੰਵਾਦ ਸਥਾਪਿਤ ਕਰਨ ਦਾ ਇੱਕ ਵਧੀਆ ਮੌਕਾ ਹੈ। ਤੁਹਾਨੂੰ ਕੇਵਲ ਆਪਣੇ ਕੰਨ ਅਤੇ ਦਿਲ-ਓ-ਦਿਮਾਗ਼ ਖੋਲ੍ਹ ਕੇ ਰੱਖਣ ਦੀ ਲੋੜ ਹੈ।
ਆਪਣੀ ਕੋਈ ਪੁਰਾਣੀ ਫ਼ੋਟੋ ਐਲਬਮ ਕਿਤੋਂ ਖੋਦ ਕੇ ਕੱਢ ਲਵੋ। ਦੇਖੋ ਸਹੀ ਤੁਸੀਂ ਉਸ ਵਕਤ ਕਿਹੋ ਜਿਹੇ ਕੱਪੜੇ ਪਹਿਨਦੇ ਹੁੰਦੇ ਸੀ। ਆਪਣੀ ਕਿਸੇ ਪਰਾਣੀ ਡਾਇਰੀ ਦੇ ਜ਼ਰਾ ਸਫ਼ੇ ਤਾਂ ਉਲਟ ਕੇ ਦੇਖੋ। ਚੇਤੇ ਜੇ ਤੁਸੀਂ ਉਸ ਵੇਲੇ ਕਿਵੇਂ ਸੋਚਦੇ ਹੁੰਦੇ ਸੀ? ਤੁਸੀਂ ਹੁਣ ਉਨ੍ਹਾਂ ਵਕਤਾਂ ਤੋਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੇ ਹੋ। ਤੁਸੀਂ ਜਿਸ ਤਰ੍ਹਾਂ ਦੇ ਹੋਇਆ ਕਰਦੇ ਸੀ, ਹੁਣ ਉਨ੍ਹਾਂ ‘ਚੋਂ ਕੁਝ ਆਦਤਾਂ ਲਈ ਤੁਸੀਂ ਵੱਡੇ ਹੋ ਚੁੱਕੇ ਹੋ। ਅਤੇ ਕੁਝ ਨੂੰ ਤੁਸੀਂ ਆਪਣੇ ਅਨੁਕੂਲ ਢਾਲ ਲਿਆ ਹੈ ਤਾਂ ਕਿ ਉਹ ਸਾਰੀ ਉਮਰ ਤੁਹਾਡਾ ਸਾਥ ਨਿਭਾ ਸਕਣ। ਅਸੀਂ ਤੁਹਾਨੂੰ ਅਸਥਿਰ ਜਾਂ ਦੁਚਿੱਤਾ ਤਾਂ ਕਰਾਰ ਨਹੀਂ ਦੇ ਸਕਦੇ – ਪਰ, ਫ਼ਿਰ ਵੀ, ਤੁਸੀਂ ਬਦਲ ਜਾਂਦੇ ਹੋ। ਭਵਿੱਖ ਦੇ ਅਗਲੇ ਮਰਹਲੇ ਵਿੱਚ ਦਾਖ਼ਲ ਹੋਣ ਦੀ ਇੱਕ ਬਹੁਤ ਹੀ ਅਹਿਮ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਨਿਰਸੰਦੇਹ, ਇਸ ਵਿੱਚ ਵਿਦਾਇਗੀ ਦੇ ਕੁਝ ਦਸਤੂਰ, ਕੁਝ ਆਦਾਬ ਸ਼ਾਮਿਲ ਹੋਣਗੇ ਅਤੇ ਨਾਲ ਹੀ ਕੁਝ ਤਬਦੀਲੀਆਂ ਵੀ। ਸਤਿਕਾਰਿਤ ਬਣੇ ਰਹੋ ਪਰ ਜ਼ਰਾ ਵੀ ਚਿੰਤਾ ਨਾ ਕਰਿਓ!