ਚਿੰਤਾ ਨੂੰ ਸਾਡੇ ਸਮਾਜਿਕ ਵਿਹਾਰ ਵਿੱਚ ਨਕਾਰਾਤਮਕ ਮਾਨਸਿਕ ਪ੍ਰਕਿਰਿਆ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਸੇ ਕਾਰਨ ਚਿੰਤਾ ਚਿਤਾ ਸਮਾਨ ਕਹੀ ਜਾਂਦੀ ਹੈ ਅਤੇ ਚਿੰਤਾ ਨਾਲ ਘਟੇ ਚਤੁਰਾਈ ਵਰਗੀਆਂ ਗੱਲਾਂ ਅਕਸਰ ਕੀਤੀਆਂ ਜਾਂਦੀਆਂ ਹਨ। ਕਿਸੇ ਦੀ ਬਿਮਾਰੀ ਦੀ ਖ਼ਬਰ ਸੁਣ ਕੇ ਉਸ ਲਈ ਚਿੰਤਤ ਹੋਣਾ ਸੁਭਾਵਿਕ ਹੈ, ਪਰ ਜਦੋਂ ਇਹੀ ਚਿੰਤਾ ਵਿਅਕਤੀ ਦਾ ਸਥਾਈ ਰੂਪ ਬਣ ਜਾਏ ਤਾਂ ਇਹ ਐਂਗਜ਼ਾਈਟੀ ਡਿਸਔਰਡਰ ਦਾ ਰੂਪ ਧਾਰਨ ਕਰ ਲੈਂਦੀ ਹੈ।
ਆਮ ਤੌਰ ‘ਤੇ ਚਿੰਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਨਰਲਾਈਜ਼ਡ ਅਤੇ ਸਪੈਸੇਫ਼ਿਕ ਐਂਗਜ਼ਾਈਟੀ ਡਿਸਔਰਡਰ। ਜਨਰਲਾਈਜ਼ਡ ਐਂਗਜ਼ਾਈਟੀ ਡਿਸਔਰਡਰ ਦੀ ਸਥਿਤੀ ਵਿੱਚ ਲੋਕਾਂ ਨੂੰ ਕਿਸੇ ਵੀ ਗੱਲ ‘ਤੇ ਚਿੰਤਾ ਹੁੰਦੀ ਰਹਿੰਦੀ ਹੈ। ਮੌਸਮ ਤੋਂ ਲੈ ਕੇ ਮਹਿੰਗਾਈ ਤਕ, ਪਰਿਵਾਰ ਤੋਂ ਲੈ ਕੇ ਦੇਸ਼ ਸਮਾਜ ਨਾਲ ਜੁੜਿਆ ਕੋਈ ਵੀ ਮੁੱਦਾ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਲਗਾਤਾਰ ਚਿੰਤਾ ‘ਚ ਘਿਰੇ ਰਹਿਣ ਨਾਲ ਕੰਮ ਕਰਨ ਦੀ ਸਮਰੱਥਾ ਘਟਣ ਲੱਗਦੀ ਹੈ ਅਤੇ ਜੀਵਨ ਵਿੱਚ ਉਦਾਸੀਨਤਾ ਭਰ ਜਾਂਦੀ ਹੈ।
ਸਪੈਸਿਫ਼ਿਕ ਐਂਗਜ਼ਾਈਟੀ ਵਿੱਚ ਵਿਅਕਤੀ ਨੂੰ ਕਿਸੇ ਖ਼ਾਸ ਵਸਤੂ ਜਾਂ ਪ੍ਰਸਥਿਤੀ ਨਾਲ ਪਰੇਸ਼ਾਨੀ ਹੁੰਦੀ ਹੈ। ਇਸ ਨੂੰ ਫ਼ੋਬੀਆ ਦਾ ਵੀ ਨਾਂ ਦਿੱਤਾ ਜਾਂਦਾ ਹੈ। ਕੁੱਝ ਲੋਕਾਂ ਨੂੰ ਸਟੇਜ, ਉਚਾਈ ਜਾਂ ਪਾਣੀ ਤੋਂ ਡਰ ਲੱਗਦਾ ਹੈ। ਇਸੇ ਤਰ੍ਹਾਂ ਕੁੱਝ ਲੋਕਾਂ ਨੂੰ ਸੋਸ਼ਲ ਫ਼ੋਬੀਆ ਦੀ ਵੀ ਸਮੱਸਿਆ ਹੁੰਦੀ ਹੈ। ਅਜਿਹੇ ਲੋਕ ਸਮਾਜਿਕ ਸਮਾਗਮਾਂ ਵਿੱਚ ਜਾਣ ਤੋਂ ਘਬਰਾਉਂਦੇ ਹਨ। ਇਸ ਸਮੱਸਿਆ ਤੋਂ ਗ੍ਰਸਤ ਲੋਕ ਖ਼ੁਦ ਨੂੰ ਹਮੇਸ਼ਾ ਅਜਿਹੀ ਪ੍ਰਸਥਿਤੀਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ ਜਿੱਥੇ ਜਾਣ ਤੋਂ ਉਨ੍ਹਾਂ ਨੂੰ ਡਰ ਲੱਗਦਾ ਹੈ। ਜੇ ਤੁਸੀਂ ਵੀ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਸ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਅਤੇ ਚੰਗੇ ਡਾਕਟਰ ਨਾਲ ਤੁਰੰਤ ਹੀ ਸੰਪਰਕ ਕਰਨਾ ਚਾਹੀਦਾ ਹੈ। ਜੇ ਤੁਸੀ ਇਸ ਨੂੰ ਅਣਦੇਖਿਆ ਕਰ ਦਿੰਦੇ ਹੋ ਤਾਂ ਇਸ ਦੇ ਨਾਲ ਹੋਰ ਕਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੂਰਜਵੰਸ਼ੀ