ਮੁੰਬਈ – ਕੈਂਸਰ ‘ਤੇ ਜਿੱਤ ਹਾਸਿਲ ਕਰਨ ਤੋਂ ਅੱਠ ਸਾਲ ਮਗਰੋਂ ਕ੍ਰਿਕਟਰ ਯੁਵਰਾਜ ਸਿੰਘ ਨੇ ਭਾਵੁਕ ਹੁੰਦਿਆਂ ਉਤਰਾਅ-ਚੜ੍ਹਾਅ ਭਰੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਹ ਹੁਣ IPL ਵੀ ਨਹੀਂ ਖੇਡੇਗਾ। ਇਸ ਦੌਰਾਨ ਉਸ ਦੀ ਸਭ ਤੋਂ ਵੱਡੀ ਉਪਲਬਧੀ ਭਾਰਤ ਦੇ 2011 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਯੋਗਦਾਨ ਰਿਹਾ। ਪ੍ਰਤਿਭਾ ਦੇ ਧਨੀ ਇਸ ਕਰਿਸ਼ਮਈ ਖਿਡਾਰੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਦਾ ਮਾਹਿਰ ਮੰਨਿਆ ਜਾਂਦਾ ਰਿਹਾ ਹੈ, ਪਰ ਉਸ ਨੇ ਇਸ ਚੀਸ ਨਾਲ ਸੰਨਿਆਸ ਲਿਆ ਕਿ ਉਹ ਟੈੱਸਟ ਮੈਚਾਂ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲਾਂਕਿ ਸੰਨਿਆਸ ਲੈਣ ਤੋਂ ਪਹਿਲਾਂ ਕਈ ਵਾਰ ਹਾਲਾਤ ਨੂੰ ਆਪਣੇ ਪੱਖ ਵਿੱਚ ਮੋੜਨ ਦੇ ਯਤਨ ਕੀਤੇ। 37 ਸਾਲ ਦੇ ਇਸ ਕ੍ਰਿਕਟਰ ਨੇ ਆਪਣੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ”ਮੈਂ 25 ਸਾਲ 22 ਗ਼ਜ਼ ਦੀ ਪੱਟੀ ‘ਤੇ ਬਿਤਾਉਣ ਅਤੇ ਲਗਭਗ 17 ਸਾਲ ਕੌਮਾਂਤਰੀ ਕ੍ਰਿਕਟ ਖੇਡਣ ਮਗਰੋਂ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਨੇ ਮੈਨੂੰ ਸਭ ਕੁੱਝ ਦਿੱਤੈ ਅਤੇ ਇਹੀ ਕਾਰਨ ਹੈ ਕਿ ਮੈਂ ਅੱਜ ਇੱਥੇ ਤੁਹਾਡੇ ਸਾਹਮਣੇ ਖੜ੍ਹਾ ਹਾਂ।”
ਉਸ ਨੇ ਕਿਹਾ, ”ਮੈਂ ਬਹੁਤ ਖ਼ੁਸ਼ਕਿਸਮਤ ਰਿਹਾ ਕਿ ਮੈਂ ਭਾਰਤ ਵਲੋਂ ਚਾਰ ਸੌ ਮੈਚ ਖੇਡੇ। ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਇਸ ਬਾਰੇ ਸੋਚ ਵੀ ਨਹੀਂ ਸੀ ਸਕਦਾ।” ਇਸ ਹਮਲਾਵਰ ਬੱਲੇਬਾਜ਼ ਨੇ ਪਹਿਲਾਂ ਕਿਹਾ ਸੀ ਕਿ ਉਹ ਹੁਣ ਜ਼ਿੰਦਗੀ ਦਾ ਲੁਤਫ਼ ਉਠਾਉਣਾ ਚਾਹੁੰਦਾ ਹੈ, ਅਤੇ BCCI ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ T-20 ਲੀਗਾਂ ਵਿੱਚ ਇੱਕ ਫ਼ਰੀਲੈਂਸ ਖਿਡਾਰੀ ਵਜੋਂ ਖੇਡਣਾ ਚਾਹੁੰਦਾ ਹੈ। ਪਰ ਹੁਣ, ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਨਹੀਂ ਖੇਡੇਗਾ। ਯੁਵਰਾਜ ਨੇ ਭਾਰਤ ਵਲੋਂ 40 ਟੈੱਸਟ, 304 ਇੱਕ ਰੋਜ਼ਾ ਅਤੇ 58 T20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਟੈੱਸਟ ਮੈਚਾਂ ਵਿੱਚ 1900 ਅਤੇ ਇੱਕ ਰੋਜ਼ਾ ਵਿੱਚ 8,701 ਦੌੜਾਂ ਬਣਾਈਆਂ। ਉਸ ਨੂੰ ਇੱਕ ਰੋਜ਼ਾ ਵਿੱਚ ਸਭ ਤੋਂ ਵੱਧ ਸਫ਼ਲਤਾ ਮਿਲੀ। T20 ਕੌਮਾਂਤਰੀ ਮੈਚਾਂ ਵਿੱਚ ਉਸ ਦੇ ਨਾਮ 1, 177 ਦੌੜਾਂ ਦਰਜ ਹਨ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਕਰੀਅਰ ਦੇ ਤਿੰਨ ਮਹੱਤਵਪੂਰਨ ਪਲਾਂ ਵਿੱਚ ਵਿਸ਼ਵ ਕੱਪ 2011 ਦੀ ਜਿੱਤ ਅਤੇ ਮੈਨ ਔਫ਼ ਦਾ ਸੀਰੀਜ਼ ਬਣਨਾ, T20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਮਾਰਨਾ ਅਤੇ ਪਾਕਿਸਤਾਨ ਖ਼ਿਲਾਫ਼ ਲਾਹੌਰ ਵਿੱਚ 2004 ਦੌਰਾਨ ਪਹਿਲੇ ਟੈੱਸਟ ਸੈਂਕੜੇ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।