ਬਿਸ਼ਕੇਕ /ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਲਈ ਵੀਰਵਾਰ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚੇ। ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪਹਿਲੇ ਬਹੁਪੱਖੀ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ।
ਮੋਦੀ ਨੇ ਬਿਸ਼ਕੇਕ ਦੀ ਆਪਣੀ ਦੋ ਦਿਨੀਂ ਯਾਤਰਾ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਸ਼ੰਘਾਈ ਸਹਿਯੋਗ ਸੰਗਠਨ ਤੋਂ ਵੱਖ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਨੇਤਾਵਾਂ ਨਾਲ ਮਿਲਣ ਦੀ ਯੋਜਨਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ,”ਅਸੀਂ ਖੇਤਰ ਵਿਚ ਬਹੁਪੱਖੀ, ਸਿਆਸੀ ਸੁਰੱਖਿਆ, ਆਰਥਿਕ ਅਤੇ ਲੋਕਾਂ ਵਿਚਾਲੇ ਆਪਸੀ ਗੱਲਬਾਤ ਨੂੰ ਵਧਾਵਾ ਦੇਣ ਵਿਚ ਐੱਸ.ਸੀ.ਓ. ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਾਂ। ਭਾਰਤ ਨੇ ਦੋ ਸਾਲ ਪਹਿਲਾਂ ਐੱਸ.ਸੀ.ਓ. ਦਾ ਪੂਰਨ ਮੈਂਬਰ ਬਣਨ ਦੇ ਬਾਅਦ ਵੱਖ-ਵੱਖ ਵਾਰਤਾ ਵਿਚ ਸਰਗਰਮੀ ਨਾਲ ਹਿੱਸਾ ਲਿਆ ਹੈ।”