ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਦੇ 5 ਜਵਾਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਅੱਤਵਾਦੀ ਹਮਲੇ ‘ਚ ਸ਼ਹਾਦਤ ਦੇਣ ਵਾਲੇ ਪ੍ਰਦੇਸ਼ ਦੇ 2 ਵੀਰ ਸੀ.ਆਰ.ਪੀ.ਐੱਫ. ਜਵਾਨ ਸ਼ਾਮਲੀ ਦੇ ਸਤੇਂਦਰ ਕੁਮਾਰ ਅਤੇ ਗਾਜੀਪੁਰ ਦੇ ਮਹੇਸ਼ ਕੁਸ਼ਵਾਹਾ ਨੂੰ ਸ਼ਰਧਾਂਜਲੀ ਦਿੱਤੀ। ਯੋਗੀ ਨੇ ਇਸ ਹਮਲੇ ‘ਚ ਜ਼ਖਮੀ ਹੋਏ ਜਵਾਨਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਨੇ ਹਰੇਕ ਸ਼ਹੀਦ ਦੇ ਪਰਿਵਾਰ ਵਾਲਿਆਂ ਨੂੰ 25 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੇ ਜਾਣ ਦਾ ਐਲਾਨ ਕੀਤਾ।
ਉਨ੍ਹਾਂ ਦੇ ਸ਼ਹੀਦ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ। ਯੋਗੀ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ‘ਚ ਇਨ੍ਹਾਂ ਦੇ ਗ੍ਰਹਿ ਜਨਪਦ ‘ਚ ਇਕ ਸੜਕ ਦਾ ਨਾਮਕਰਨ ਵੀ ਇਨ੍ਹਾਂ ਦੇ ਨਾਂ ‘ਤੇ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ,”ਪ੍ਰਦੇਸ਼ ਦੇ ਇਨ੍ਹਾਂ ਜਵਾਨਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ। ਪੂਰਾ ਪ੍ਰਦੇਸ਼ ਅਤੇ ਪੂਰਾ ਦੇਸ਼ ਭਾਰਤ ਮਾਤਾ ਦੇ ਜਵਾਨਾਂ ਨਾਲ ਖੜ੍ਹਾ ਹੈ।” ਜਵਾਨਾਂ ਦੇ ਅੰਤਿਮ ਸੰਸਕਾਰ ਪ੍ਰੋਗਰਾਮ ‘ਚ ਪ੍ਰਦੇਸ਼ ਸਰਕਾਰ ਦੇ ਰਾਜ ਮੰਤਰੀ (ਆਜ਼ਾਦ ਚਾਰਜ) ਸੁਰੇਸ਼ ਰਾਣਾ ਸ਼ਾਮਲੀ ਅਤੇ ਰਾਜ ਮੰਤਰੀ ਨੀਲਕੰਠ ਤਿਵਾੜੀ ਗਾਜੀਪੁਰ ਜਾਣਗੇ। ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਭੀੜ ਵਾਲੇ ਕੇ.ਪੀ. ਰੋਡ ‘ਤੇ ਬੁੱਧਵਾਰ ਨੂੰ ਦਿਨਦਿਹਾੜੇ ਬਾਈਕ ਸਵਾਰ 2 ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਗਸ਼ਤੀ ਦਲ ਅਤੇ ਰਾਜ ਪੁਲਸ ਦੇ ਦਸਤੇ ‘ਤੇ ਗੋਲੀਆਂ ਚਲਾਈਆਂ ਅਤੇ ਹੱਥ ਗੋਲੇ ਸੁੱਟੇ। ਹਮਲੇ ‘ਚ ਸੀ.ਆਰ.ਪੀ.ਐੱਫ. ਦੇ 5 ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ।