ਲਖਨਊ— ਉੱਤਰ ਪ੍ਰਦੇਸ਼ ‘ਚ ਬੁੱਧਵਾਰ ਨੂੰ ਆਏ ਹਨ੍ਹੇਰੀ-ਤੂਫਾਨ ਨਾਲ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਦੋਂ ਕਿ 22 ਮਵੇਸ਼ੀ ਵੀ ਹਨ੍ਹੇਰੀ ਦੀ ਭੇਟ ਚੜ੍ਹ ਗਏ। ਰਾਜ ਭਰ ‘ਚ 93 ਮਕਾਨ ਨੁਕਸਾਨੇ ਗਏ ਹਨ। ਉੱਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਜੀ. ਐੱਸ. ਪ੍ਰਿਯਦਰਸ਼ੀ ਨੇ ਦੱਸਿਆ ਕਿ ਸਿਧਾਰਥਨਗਰ ‘ਚ ਸਭ ਤੋਂ ਵਧ 4 ਲੋਕਾਂ ਦੀ ਮੌਤ ਹੋਈ। ਦੇਵਰੀਆ ‘ਚ 3 ਅਤੇ ਬਲੀਆ ‘ਚ 2 ਲੋਕਾਂ ਦੀ ਜਾਨ ਗਈ।
ਉਨ੍ਹਾਂ ਨੇ ਦੱਸਿਆ ਕਿ ਅਯੁੱਧਿਆ, ਲਖੀਮਪੁਰ ਖੀਰੀ, ਕੁਸ਼ੀਨਗਰ ਅਤੇ ਸੋਨਭੱਦਰ ‘ਚ ਇਕ-ਇਕ ਵਿਅਕਤੀ ਦੀ ਮੌਤ ਦੀ ਖਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਮੌਤਾਂ 12 ਜੂਨ ਬੁੱਧਵਾਰ ਨੂੰ ਆਈ ਹਨ੍ਹੇਰੀ ‘ਚ ਹੋਈ। ਇਸ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ ਪੂਰਬੀ-ਉੱਤਰ ਪ੍ਰਦੇਸ਼ ‘ਚ 16 ਜੂਨ ਨੂੰ ਹਨ੍ਹੇਰੀ-ਤੂਫਾਨ ਆ ਸਕਦਾ ਹੈ।