ਮੁੰਬਈ—ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸੀ. ਐੱਮ. ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਚੰਦਰਸ਼ੇਖਰ ਰਾਵ ਨੇ ਫੜਨਵੀਸ ਨੂੰ 21 ਜੂਨ ਨੂੰ ਹੋਣ ਜਾ ਰਹੇ ‘ਕੇਲੇਸ਼ਵਰਮ ਲਿਫਟ ਸਿਚਾਈ ਪ੍ਰੋਜੈਕਟ’ ਉਦਘਾਟਨ ਲਈ ਸੱਦਾ ਦਿੱਤਾ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਥਰਡ ਫ੍ਰੰਟ ਬਣਾਉਣ ਨੂੰ ਲੈ ਕੇ ਸਭ ਤੋਂ ਪਹਿਲਾਂ ਤੇਲੰਗਾਨਾ ਸੀ ਐੱਮ ਚੰਦਰਸ਼ੇਖਰ ਹੀ ਸਰਗਰਮ ਹੋਏ ਸੀ।
ਕੇਲੇਸ਼ਵਰਮ ਲਿਫਟ ਸਿਚਾਈ ਪ੍ਰੋਜੈਕਟ ਨੂੰ ਪਹਿਲਾਂ ਪ੍ਰਾਨਹਿਤਾ-ਚੇਵੱਲਾ ਲਿਫਟ ਸਿਚਾਈ ਪ੍ਰੋਜੈਕਟ ਦੇ ਤੌਰ ‘ਤੇ ਜਾਣਿਆ ਜਾਂਦਾ ਸੀ। ਇਹ ਗੋਦਾਵਰੀ ਨਦੀ ‘ਤੇ ਕੇਲੇਸ਼ਵਰਮ , ਭੂਪਲਪਾਲੀ ਅਤੇ ਤੇਲੰਗਾਨਾ ‘ਚ ਬਣਾਈ ਗਈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਤੇਲੰਗਾਨਾ ਦੇ ਕੇਲੇਸ਼ਵਰਮ ਪਿੰਡ ‘ਚ ਪ੍ਰਾਨਹਿਤਾ ਨਦੀ ਅਤੇ ਗੋਦਾਵਰੀ ਨਦੀ ਦੇ ਸੰਗਮ ‘ਤੇ ਸ਼ੁਰੂ ਕੀਤੀ ਗਈ ਸੀ। ਇਹ ਪ੍ਰੋਜੈਕਟ 7 ਲਿੰਕ ਅਤੇ 28 ਪੈਕੇਜ ‘ਚ ਵੰਡਿਆ ਗਿਆ ਹੈ ਜੋ 500 ਕਿਲੋਮੀਟਰ ਦੇ ਇਲਾਕੇ ਅਤੇ 13 ਜ਼ਿਲਿਆਂ ਨੂੰ ਨਹਿਰ ਦੇ ਨੈੱਟਵਰਕ ਰਾਹੀਂ ਜੋੜਦਾ ਹੈ। ਅਸਲ ‘ਚ ਇਸ ਪ੍ਰੋਜੈਕਟ ਤੋਂ ਤੇਲੰਗਾਨਾ ‘ਚ ਲਗਭਗ 5 ਲੱਖ ਏਕੜ ਖੇਤੀ ਕਰਨ ਯੋਗ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ।