ਮਾਰੇ ਗਏ ਅੱਤਵਾਦੀਆਂ ਦਾ ਸਬੰਧ ਸੀ ਲਸ਼ਕਰ-ਏ-ਤੋਇਬਾ ਨਾਲ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਮੁਕਾਬਲਾ ਅੱਜ ਸਵੇਰੇ ਅਵੰਤੀਪੋਰਾ ਦੇ ਬਰੋ ਬੰਦੀਨਾ ਇਲਾਕੇ ਵਿਚ ਸ਼ੁਰੂ ਹੋਇਆ ਸੀ। ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਸਿੱਕਾ ਵੀ ਬਰਾਮਦ ਕੀਤਾ ਗਿਆ। ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਜਿਸ ਮਕਾਨ ਵਿਚ ਲੁਕ ਕੇ ਫਾਇਰਿੰਗ ਕਰ ਰਹੇ ਸਨ, ਸੁਰੱਖਿਆ ਬਲਾਂ ਨੇ ਉਸ ਮਕਾਨ ‘ਚ ਧਮਾਕਾ ਕੀਤਾ। ਮਾਰੇ ਗਏ ਅੱਤਵਾਦੀਆਂ ਦਾ ਸਬੰਧ ਲਸ਼ਕਰ ਏ ਤੋਇਬਾ ਨਾਲ ਦੱਸਿਆ ਜਾ ਰਿਹਾ ਹੈ। ਸੁਰੱਖਿਆ ਬਲਾਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਇਲਾਕੇ ਵਿਚ 23 ਦੇ ਕਰੀਬ ਅੱਤਵਾਦੀ ਲੁਕੇ ਹੋਏ ਹਨ। ਧਿਆਨ ਰਹੇ ਕਿ ਪਿਛਲੇ ਦਿਨੀਂ ਅਨੰਤਨਾਗ ਵਿਚ ਹੋਏ ਅੱਤਵਾਦੀ ਹਮਲੇ ਵਿਚ ਸੀ.ਆਰ.ਪੀ.ਐਫ. ਦੇ 6 ਜਵਾਨ ਸ਼ਹੀਦ ਹੋ ਗਏ ਸਨ।