ਮੁੰਬਈ— ਬੰਬਈ ਹਾਈ ਕੋਰਟ ਨੇ 2006 ਦੇ ਮਾਲੇਗਾਓਂ ਧਮਾਕੇ ਮਾਮਲੇ ਦੇ 4 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਜੱਜ ਆਈ.ਏ. ਮਹੰਤੀ ਅਤੇ ਜੱਜ ਏ.ਐੱਮ. ਬਦਰ ਦੀ ਇਕ ਬੈਂਚ ਨੇ ਧਨ ਸਿੰਘ, ਲੋਕੇਸ਼ ਸ਼ਰਮਾ, ਮਨੋਹਰ ਨਰਾਰੀਆ ਅਤੇ ਰਾਜੇਂਦਰ ਚੌਧਰੀ ਨੂੰ ਜ਼ਮਾਨਤ ਦੇ ਦਿੱਤੀ। ਬੈਂਚ ਨੇ ਕਿਹਾ,”ਪਟੀਸ਼ਨਾਂ ਮਨਜ਼ੂਰ ਕੀਤੀਆਂ ਜਾਂਦੀਆਂ ਹੈ। ਪਟੀਸ਼ਨਕਰਤਾਵਾਂ ਨੂੰ 50 ਹਜ਼ਾਰ ਰੁਪਏ ਨਕਦ ‘ਤੇ ਜ਼ਮਾਨਤ ਦਿੱਤੀ ਜਾਂਦੀ ਹੈ। ਸੁਣਵਾਈ ਦੌਰਾਨ ਉਨ੍ਹਾਂ ਨੂੰ ਹਰ ਦਿਨ ਵਿਸ਼ੇਸ਼ ਕੋਰਟ ‘ਚ ਪੇਸ਼ ਹੋਣਾ ਹੋਵੇਗਾ ਅਤੇ ਉਹ ਸਬੂਤਾਂ ਨਾਲ ਛੇੜਛਾੜ ਜਾਂ ਚਸ਼ਮਦੀਦਾਂ ਨਾਲ ਕੋਈ ਸੰਪਰਕ ਨਾ ਕਰਨ।” ਗ੍ਰਿਫਤਾਰੀ ਤੋਂ ਬਾਅਦ 2013 ਤੋਂ ਜੇਲ ‘ਚ ਬੰਦ ਚਾਰੇ ਦੋਸ਼ੀਆਂ ਨੇ ਵਿਸ਼ੇਸ਼ ਅਦਾਲਤ ਦੇ ਜੂਨ 2016 ‘ਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਉਸੇ ਸਾਲ ਹਾਈ ਕੋਰਟ ਦਾ ਰੁਖ ਕੀਤਾ ਸੀ। ਨਾਸਿਕ ਨੇੜੇ ਮਾਲੇਗਾਓਂ ‘ਚ ਹਮੀਦਿਆ ਮਸਜਿਦ ਕੋਲ ਸਥਿਤ ਕਬਰਸਤਾਨ ਬਾਹਰ 8 ਸਤੰਬਰ 2006 ਨੂੰ ਲੜੀਵਾਰ ਧਮਾਕੇ ਹੋਏ ਸਨ। ਇਸ ‘ਚ 37 ਲੋਕਾਂ ਦੀ ਜਾਨ ਚੱਲੀ ਗਈ ਸੀ ਅਤੇ 100 ਤੋਂ ਵਧ ਲੋਕ ਜ਼ਖਮੀ ਹੋਏ ਸਨ।
ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਸ਼ੁਰੂਆਤੀ ਜਾਂਚ ‘ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਸੀ। ਇਸ ਤੋਂ ਬਾਅਦ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਅਤੇ ਉਸ ਨੇ ਵੀ ਇਸ ਆਧਾਰ ‘ਤੇ ਜਾਂਚ ਕੀਤੀ। ਇਸ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜਾਂਚ ਨੂੰ ਆਪਣੇ ਹੱਥ ‘ਚ ਲਿਆ ਅਤੇ ਉਹ ਇਸ ਨਤੀਜੇ ‘ਤੇ ਪੁੱਜਿਆ ਕਿ ਹਮਲਿਆਂ ਨੂੰ ਜ਼ਿਆਦਾ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੇ ਅੰਜਾਮ ਦਿੱਤਾ ਸੀ। ਐੱਨ.ਆਈ.ਏ. ਨੇ 9 ਲੋਕਾਂ ਵਿਰੁੱਧ ਦੋਸ਼ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਸਿੰਘ, ਸ਼ਰਮਾ, ਨਵਰੀਆ ਅਤੇ ਚੌਧਰੀ ਵਿਰੁੱਧ ਮਾਮਲਾ ਦਰਜ ਕੀਤਾ। ਵਿਸ਼ੇਸ਼ ਸੁਣਵਾਈ ਕੋਰਟ ਨੇ 2016 ਐੱਨ.ਆਈ.ਏ. ਦੇ ਇਸ ਰੁਖ ਨੂੰ ਸਵੀਕਾਰ ਕਰਦੇ ਹੋਏ 9 ਦੋਸ਼ੀਆਂ ਨੂੰ ਦੋਸ਼ ਮੁਕਤ ਕਰ ਦਿੱਤਾ। ਇਨ੍ਹਾਂ ਚਾਰਾਂ ਦੋਸ਼ੀਆਂ ਨੇ ਜ਼ਮਾਨਤ ਦੀ ਮੰਗ ਕਰਦੇ ਹੋਏ ਇਨ੍ਹਾਂ 9 ਲੋਕਾਂ ਨੂੰ ਰਿਹਾਅ ਕੀਤੇ ਜਾਣ ਦੇ ਫੈਸਲੇ ਨੂੰ ਵੀ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਦੋਸ਼ ਮੁਕਤ ਕਰਨ ਤੋਂ ਇਨਕਾਰ ਕਰਨ ਦੇ ਵਿਸ਼ੇਸ਼ ਕੋਰਟ ਦੇ ਫੈਸਲੇ ਨੂੰ ਵੀ ਚੁਣੌਤੀ ਦਿੱਤੀ ਹੈ। ਹਾਈ ਕੋਰਟ ਇਸ ‘ਤੇ ਬਾਅਦ ‘ਚ ਸੁਣਵਾਈ ਕਰੇਗਾ।