ਕਿਹਾ – ਅੱਤਵਾਦ ਨਾਲ ਨਜਿੱਠਣ ਲਈ ਸਾਰਿਆਂ ਦਾ ਇਕੱਠੇ ਹੋਣਾ ਜ਼ਰੂਰੀ
ਬਿਸ਼ਕੇਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿਚ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਸੰਬੋਧਨ ਕੀਤਾ। ਹਿੰਦੀ ਵਿਚ ਦਿੱਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਾਡੀਆਂ ਵੀਜ਼ਾ ਸੇਵਾਵਾਂ ਜ਼ਿਆਦਾਤਰ ਐਸ.ਸੀ.ਓ. ਦੇਸ਼ਾਂ ਲਈ ਉਪਲਬਧ ਹਨ। ਐਸ.ਸੀ.ਓ. ਖੇਤਰ ਵਿਚ ਸਥਿਰਤਾ ਅਤੇ ਸੁਰੱਖਿਆ ਇੱਕ ਮਹੱਤਵਪੂਰਨ ਕਾਰਕ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਸ.ਸੀ.ਓ. ਦੇਸ਼ਾਂ ਦੇ ਸੈਲਾਨੀਆਂ ਦੇ ਲਈ ਭਾਰਤ ਵਿਚ ਇੱਕ ਵਿਸ਼ੇਸ਼ ਹੈਲਪ ਲਾਈਨ ਵੀ ਹੈ । ਮੋਦੀ ਨੇ ਆਪਣੇ ਸੰਬੋਧਨ ਵਿਚ ਪਾਕਿਸਤਾਨ ਦਾ ਨਾਮ ਲਏ ਬਿਨਾਂ ਪਾਕਿ ਨੂੰ ਅੱਤਵਾਦ ਦੇ ਮੁੱਦੇ ‘ਤੇ ਘੇਰਿਆ ਅਤੇ ਇਮਰਾਨ ਖ਼ਾਨ ਨੂੰ ਸਖ਼ਤ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਲਈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਿਉਂਕਿ ਅੱਤਵਾਦੀ ਰੋਜ਼ਾਨਾ ਕਈ ਨਿਰਦੋਸ਼ਾਂ ਦੀ ਜਾਨ ਲੈ ਰਹੇ ਹਨ।