ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਕਾਂਗਰਸ ਹਾਈਕਮਾਨ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਸਦੀ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨਵੇਂ ਰਾਸ਼ਟਰੀ ਪ੍ਰਧਾਨ ਬਣਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ। ਇਸ ਦੇ ਬਦਲ ਦੇ ਰੂਪ ਵਿਚ ਪਾਰਟੀ ਵਿਚ ਚਰਚਾ ਚੱਲ ਰਹੀ ਹੈ ਕਿ ਪੂਰੇ ਦੇਸ਼ ਨੂੰ ਚਾਰ ਹਿੱਸਿਆਂ ਵਿਚ ਵੰਡ ਦਿੱਤਾ ਜਾਵੇ ਅਤੇ ਚਾਰ ਉਪ ਪ੍ਰਧਾਨ ਨਿਯੁਕਤ ਕੀਤੇ ਜਾਣ। ਸੂਤਰਾਂ ਦਾ ਕਹਿਣਾ ਹੈ ਕਿ ਉਤਰੀ ਹਿੱਸੇ ਲਈ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ ਦੇ ਨਾਮ ਦੀ ਚਰਚਾ ਚੱਲ ਰਹੀ ਹੈ। ਇਨ੍ਹਾਂ ਸੰਸਦੀ ਚੋਣਾਂ ਵਿਚ ਨਵਜੋਤ ਸਿੱਧੂ ਹੀ ਅਜਿਹੇ ਲੀਡਰ ਰਹੇ, ਜਿਨ੍ਹਾਂ ਨੇ ਰਾਹੁਲ ਗਾਂਧੀ ਤੋਂ ਬਾਅਦ ਦੇਸ਼ ਭਰ ਵਿਚ ਸਭ ਤੋਂ ਵੱਧ ਰੈਲੀਆਂ ਕੀਤੀਆਂ ਸਨ।
ਇਸ ਤੋਂ ਪਹਿਲਾਂ ਵੀ ਜਦੋਂ ਮੱਧ ਪ੍ਰਦੇਸ਼, ਛੱਤੀਸਗ਼ੜ੍ਹ, ਤੇਲੰਗਾਨਾ ਅਤੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਨਵਜੋਤ ਸਿੱਧੂ ਦੀਆਂ ਸੇਵਾਵਾਂ ਸਭ ਤੋਂ ਵੱਧ ਲਈਆਂ ਗਈਆਂ। ਇਨ੍ਹਾਂ ਸਾਰੇ ਸੂਬਿਆਂ ‘ਚ ਸਭ ਤੋਂ ਵੱਧ ਡਿਮਾਂਡ ਵੀ ਸਿੱਧੂ ਦੀ ਹੀ ਸੀ। ਵਿਧਾਨ ਸਭਾ ਚੋਣਾਂ ‘ਚ ਤਾਂ ਸਿੱਧੂ ਦੀ ਪਰਫਾਰਮੈਂਸ ਚੰਗੀ ਰਹੀ ਪਰ ਸੰਸਦੀ ਚੋਣਾਂ ਵਿਚ ਉਹ ਚੂਕ ਗਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਮਿਲਿਆਂ ਨਵਾਂ ਵਿਭਾਗ ਅਜੇ ਤਕ ਨਵਜੋਤ ਸਿੱਧੂ ਨਹੀਂ ਸੰਭਾਲਿਆ ਗਿਆ ਹੈ ਪਰ ਕਿਆਸ ਜਤਾਏ ਜਾ ਰਹੇ ਹਨ ਕਿ ਪਾਰਟੀ ਜਲਦ ਹੀ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਪ ਸਕਦੀ ਹੈ।