ਜੰਮੂ— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਇਕ ਵਾਰ ਫਿਰ ਅੱਤਵਾਦੀ ਹਮਲਾ ਹੋ ਸਕਦਾ ਹੈ। ਪਾਕਿਸਤਾਨ ਨੇ ਪੁਲਵਾਮਾ ‘ਚ ਹਮਲੇ ਦੀ ਜਾਣਕਾਰੀ ਭਾਰਤ ਅਤੇ ਅਮਰੀਕਾ ਨਾਲ ਸਾਂਝੀ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ ਜ਼ਾਕਿਰ ਮੂਸਾ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦੇ ਹਨ। ਇਨਪੁਟ ਮਿਲਣ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ। ਜੰਮੂ ਪੁਲਸ ਦੇ ਜਵਾਨ ਵਿਸ਼ੇਸ਼ ਰੂਪ ਨਾਲ ਹਾਈਵੇਅ ‘ਤੇ ਸਖਤ ਨਿਗਰਾਨੀ ਰੱਖ ਰਹੇ ਹਨ।
ਪਾਕਿਸਤਾਨ ਨੇ ਭਾਰਤ ਅਤੇ ਅਮਰੀਕਾ ਨੂੰ ਦੱਸਿਆ ਕਿ ਮੁੜ ਆਈ. ਈ. ਡੀ. ਧਮਾਕਾ ਹੋ ਸਕਦਾ ਹੈ। ਸੂਚਨਾ ਮਿਲਦੇ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ ਦੱਸਿਆ ਕਿ ਦੱਖਣੀ ਕਸ਼ਮੀਰ ‘ਚ ਅੱਤਵਾਦੀ ਹਮਲਾ ਹੋ ਸਕਦਾ ਹੈ, ਜਿੱਥੇ 14 ਫਰਵਰੀ ਨੂੰ ਕਾਰ ਸੁਸਾਈਡ ਬੰਬ ਧਮਾਕਾ ਹੋਇਆ ਸੀ ਅਤੇ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਇਕ ਆਮ ਇਨਪੁਟ ਹੈ, ਇਸ ਤੋਂ ਇਲਾਵਾ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।
ਓਧਰ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਲੋਂ ਸੂਚਨਾ ਦੇਣ ਦੇ ਦੋ ਉਦੇਸ਼ ਹੋ ਸਕਦੇ ਹਨ। ਪਹਿਲਾ ਤਾਂ ਪਾਕਿਸਤਾਨ ਦਾ ਕਦਮ ਇਹ ਯਕੀਨੀ ਕਰਨ ਲਈ ਸੀ ਕਿ ਜੇਕਰ ਹਮਲਾ ਹੁੰਦਾ ਹੈ ਤਾਂ ਉਹ ਦੋਸ਼ਾਂ ਤੋਂ ਬਚ ਸਕੇ, ਕਿਉਂਕਿ ਉਸ ਨੇ ਅਮਰੀਕਾ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਹੈ। ਦੂਜਾ ਇਹ ਕਿ ਉਹ ਅਧਿਕਾਰੀਆਂ ਨੂੰ ਚੌਕਸ ਕਰਨ ਲਈ ਅਸਲ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਉਹ ਹਮੇਸ਼ਾ ਦੱਖਣੀ ਕਸ਼ਮੀਰ ‘ਚ ਅਲਰਟ ‘ਤੇ ਰਹਿੰਦੇ ਹਨ ਪਰ ਉਹ ਇਸ ਅਲਰਟ ਨੂੰ ਗੰਭੀਰਤਾ ਨਾਲ ਲੈ ਰਹੇ ਹਨ।