ਰੋਪੜ — ਸ੍ਰੀ ਮੁਕਤਸਰ ਸਾਹਿਬ ‘ਚ ਕਾਂਗਰਸੀ ਕੌਂਸਲਰ ਦੇ ਭਰਾ ਅਤੇ ਹੋਰਨਾਂ ਵੱਲੋਂ ਸ਼ਰੇਆਮ ਸੜਕ ‘ਤੇ ਅੋਰਤ ਨਾਲ ਬੇਰਹਿਮੀ ਨਾਲ ਕੀਤੀ ਕੁੱਟਮਾਰ ਕਰਨ ਦੇ ਮਾਮਲੇ ‘ਚ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਬੋਲਦੇ ਹੋਏ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ‘ਚ ਪੰਜਾਬ ਦੀ ਅਮਨ ਸ਼ਾਂਤੀ ਬੇਹੱਦ ਖਰਾਬ ਹੋ ਚੁੱਕੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ‘ਆਪ’ ‘ਚ ਦੇ ਸੱਦੇ ‘ਤੇ ਵਿਅੰਗ ਕੱਸਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੋ ਹੀ ਹੈ। ਹਰਪਾਲ ਚੀਮਾ ਤਾਂ ਹੁਣ ਐਵੇ ਡਰਾਮਾ ਕਰੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦਾ ਆਪਣਾ ਕੋਈ ਵੀ ਵੱਕਾਰ ਨਹੀਂ, ਉਹ ‘ਆਪ’ ਦਾ ਕੀ ਵਧਾਉਣਗੇ।
ਸਾਬਕਾ ਐੱਮ. ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਮੁਨੀਸ਼ ਤਿਵਾੜੀ ਖਿਲਾਫ ਚੋਣਾਂ ‘ਚ ਵੱਧ ਖਰਚਾ ਕਰਨ ਸਬੰਧੀ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ‘ਤੇ ਡਾ. ਚੀਮਾ ਨੇ ਕਿਹਾ ਕਿ ਜੇ ਮੁਨੀਸ਼ ਤਿਵਾੜੀ ਮੀਡੀਆ ਜਾਂ ਚੰਦੂਮਾਜਰਾ ਸਾਬ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਚੋਣ ਕਮਿਸ਼ਨ ਨੂੰ ਤਾਂ ਜਵਾਬ ਦੇਣ ਕਿਉਂਕਿ ਜੋ ਸ਼ਿਕਾਇਤ ਕੀਤੀ ਹੈ, ਉਹ ਤੱਥਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੇ ਤਹਿਤ 70 ਲੱਖ ਤੋਂ ਵੱਧ ਖਰਚਾ ਚੋਣਾਂ ‘ਚ ਨਹੀਂ ਕੀਤਾ ਜਾ ਸਕਦਾ। ਇਸ ਲਈ ਚੋਣ ਕਮਿਸ਼ਨ ਨੂੰ ਚਾਹਿੰਦਾ ਹੈ ਕਿ ਇਸ ‘ਤੇ ਤੂਰੰਤ ਕਾਰਵਾਈ ਕਰਨ।