ਕੋਲਕਾਤਾ/ਨਵੀਂ ਦਿੱਲੀ— ਪੱਛਮੀ ਬੰਗਾਲ ‘ਚ ਹੜਤਾਲ ਕਰ ਰਹੇ ਡਾਕਟਰ ਸੀ. ਐੱਮ. ਮਮਤਾ ਬੈਨਰਜੀ ਨੂੰ ਮਿਲਣ ਅਤੇ ਗੱਲਬਾਤ ਕਰ ਲਈ ਤਿਆਕ ਹੋ ਗਏ ਹਨ। ਐੱਨ. ਆਰ. ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ ਕੋਲਕਾਤਾ ਦੇ ਜੂਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਸੀ. ਐੱਮ. ਨਾਲ ਗੱਲਬਾਤ ਲਈ ਤਿਆਰ ਹਾਂ ਅਤੇ ਇਸ ਗਤੀਰੋਧ ਨੂੰ ਤੁਰੰਤ ਖਤਮ ਕਰਨਾ ਚਾਹੁੰਦੇ ਹਾਂ ਪਰ ਸਾਡੀ ਸ਼ਰਤ ਇਹ ਹੈ ਕਿ ਗੱਲਬਾਤ ਬੰਦ ਕਮਰੇ ਵਿਚ ਨਹੀਂ ਹੋਵੇਗੀ। ਡਾਕਟਰਜ਼ ਮੀਡੀਆ ਦੀ ਮੌਜੂਦਗੀ ਵਿਚ ਸੀ. ਐੱਮ. ਮਮਤਾ ਨਾਲ ਗੱਲ ਕਰਨਗੇ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਡਾਕਟਰਾਂ ਨੇ ਸੀ. ਐੱਮ. ਨਾਲ ਮੁਲਾਕਾਤ ਦਾ ਸੱਦਾ ਠੁਕਰਾ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬੈਠਕ ਨੂੰ ਲੈ ਕੇ ਡਾਕਟਰਾਂ ਵਿਚ ਕਾਫੀ ਡਰ ਦਾ ਮਾਹੌਲ ਹੈ, ਇਸ ਕਾਰਨ ਉਹ ਗੱਲਬਾਤ ਕਰਨ ਲਈ ਸੂਬੇ ਦੇ ਸਕੱਤਰੇਤ ਨਹੀਂ ਜਾਣਗੇ। ਡਾਕਟਰਾਂ ਦੀ ਮੰਗ ਸੀ ਕਿ ਸੀ. ਐੱਮ. ਖੁਦ ਐੱਨ. ਆਰ. ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ ਆ ਕੇ ਡਾਕਟਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
ਐਤਵਾਰ ਨੂੰ ਸੀ. ਐੱਮ. ਨਾਲ ਮੁਲਾਕਾਤ ਦੀ ਹਾਮੀ ਭਰਨ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਵਿਵਾਦ ਛੇਤੀ ਹੀ ਖਤਮ ਹੋ ਜਾਵੇਗਾ। ਹਾਲਾਂਕਿ ਅਜੇ ਤਕ ਡਾਕਟਰਾਂ ਜਾਂ ਸੀ. ਐੱਮ. ਵਲੋਂ ਗੱਲਬਾਤ ਲਈ ਸਮਾਂ ਅਤੇ ਸਥਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸ਼ਨੀਵਾਰ ਦੇਰ ਰਾਤ ਜੂਨੀਅਰ ਡਾਕਟਰਾਂ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਅਸੀਂ ਹਮੇਸ਼ਾ ਤੋਂ ਗੱਲਬਾਤ ਲਈ ਤਿਆਰ ਹੈ। ਜੇਕਰ ਸੀ. ਐੱਮ. ਇਕ ਹੱਥ ਵਧਾਏਗੀ ਤਾਂ ਅਸੀਂ ਆਪਣੇ 10 ਹੱਥ ਵਧਾਵਾਂਗੇ। ਅਸੀਂ ਇਸ ਗਤੀਰੋਧ ਨੂੰ ਖਤਨ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਇਕ 75 ਸਾਲਾ ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਦੋ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਕੁੱਟਮਾਰ ਦੇ ਵਿਰੋਧ ‘ਚ ਡਾਕਟਰਾਂ ਨੇ ਹੜਤਾਲ ਕੀਤੀ। ਇਸ ਕੁੱਟਮਾਰ ਦੇ ਵਿਰੋਧ ‘ਚ ਦਿੱਲੀ ਦੇ ਏਮਜ਼ ਡਾਕਟਰਾਂ ਨੇ ਵੀ ਹੜਤਾਲ ਕੀਤੀ ਅਤੇ ਡਾਕਟਰਾਂ ਦੇ ਸੁਰੱਖਿਅਤ ਕੰਮਕਾਜ ਦੀ ਮੰਗ ਕੀਤੀ।