ਖੰਨਾ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸੂਬੇ ‘ਚ ਬਿਜਲੀ ਦੇ ਵਧ ਰਹੇ ਰੇਟਾਂ ‘ਤੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਪੰਜਾਬ ‘ਚ ਬਿਜਲੀ ਪੈਦਾ ਹੋਣ ਦੇ ਬਾਵਜੂਦ 10 ਤੋਂ 12 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਰਹੀ ਹੈ, ਜਦੋਂ ਕਿ ਦਿੱਲੀ, ਬਾਹਰੋਂ ਬਿਜਲੀ ਖਰੀਦ ਰਿਹਾ ਹੈ ਅਤੇ ਇਸ ਦੇ ਬਾਵਜੂਦ ਵੀ ਉੱਥੇ ਬਿਜਲੀ ਦੇ ਰੇਟ ਘੱਟ ਹਨ। ਹਰਪਾਲ ਚੀਮਾ ਇੱਥੇ ਖੰਨਾ ਦੇ ਰਾਮਗੜ੍ਹੀਆ ਭਵਨ ‘ਚ ਪਾਰਟੀ ਕਾਰਕੁੰਨਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਲੈਣ ਆਏ ਸਨ।
ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਆਪਣੇ ਕਾਰਕੁੰਨਾਂ ਨੂੰ ਜਾਣੂੰ ਕਰਵਾਉਣਗੇ ਕਿ ਆਮ ਨਾਗਰਿਕਾਂ ਤੱਕ ਜਾਣਕਾਰੀ ਪਹੁੰਚੇ ਅਤੇ ਇਸ ਦੇ ਲਈ ਹੀ ਜ਼ਿਲਾ ਲੁਧਿਆਣਾ ਦਿਹਾਤੀ ਦੀ ਮੀਟਿੰਗ ਰੱਖੀ ਗਈ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਨਾਭਾ ਜੇਲ ਹਾਈ ਸਕਿਓਰਿਟੀ ਜੇਲ ਹੈ ਅਤੇ ਇੱਥੇ ਕਿਸੇ ਦਾ ਕਤਲ ਹੋਣਾ ਕਿਸੇ ਸਾਜਿਸ਼ ਤਹਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਾਉਣੀ ਚਾਹੀਦੀ ਹੈ।