ਨਵੀਂ ਦਿੱਲੀ — ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਅੱਤਵਾਦੀ ਹਮਲਿਆਂ ਦੀ ਵਜ੍ਹਾ ਕਰ ਕੇ ਭਾਰਤ-ਪਾਕਿਸਤਾਨ ਸਰਹੱਦ ‘ਤੇ 31 ਭਾਰਤੀ ਫੌਜੀ ਸ਼ਹੀਦ ਹੋਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਨੂੰ ਦੱਸਿਆ ਕਿ 2016 ‘ਚ 6 ਫੌਜੀ ਕਰਮੀ ਸ਼ਹੀਦ ਹੋਏ, ਜਦਕਿ 2017 ‘ਚ 13 ਅਤੇ 2018 ‘ਚ 12 ਫੌਜੀ ਕਰਮੀ ਸ਼ਹੀਦ ਹੋਏ। ਰਾਜਨਾਥ ਸਿੰਘ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਦੱਸਿਆ ਕਿ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰਨ ਲਈ ਸਾਰੀਆਂ ਮੋਹਰੀ ਚੌਕੀਆਂ ਨੂੰ ਮਜ਼ਬੂਤ ਕੀਤਾ ਗਿਆ ਹੈ। ਆਧੁਨਿਕ ਤਕਨਾਲੋਜੀ ਦੇ ਇਸਤੇਮਾਲ ਨਾਲ ਸਾਰੀਆਂ ਮੋਹਰੀ ਚੌਕੀਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਰਾਂ ਵਿਚ ਹਥਿਆਰਬੰਦ ਬਲ (ਵਿਸ਼ੇਸ਼ ਅਧਿਕਾਰ) ਐਕਟ ਲਾਗੂ ਹੈ, ਉੱਥੇ 2016 ‘ਚ 113 ਫੌਜੀ ਸ਼ਹੀਦ ਹੋਏ, ਸਾਲ 2017 ‘ਚ 125 ਅਤੇ 2018 ‘ਚ 96 ਫੌਜੀ ਸ਼ਹੀਦ ਹੋਏ ਹਨ। ਰੱਖਿਆ ਮੰਤਰੀ ਮੁਤਾਬਕ ਸਰਹੱਦ ‘ਤੇ ਮੁਕਾਬਲੇ ਦੌਰਾਨ 2016 ‘ਚ 14 ਫੌਜੀ ਸ਼ਹੀਦ ਹੋਏ, ਜਦਕਿ 2017 ‘ਚ 28 ਅਤੇ 2018 ‘ਚ 27 ਫੌਜੀ ਸ਼ਹੀਦ ਹੋਏ। ਇਕ ਹੋਰ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਰਾਜਨਾਥ ਸਿੰਘ ਨੇ ਦੱਸਿਆ ਕਿ ਵਾਰ-ਵਾਰ ਹੋਏ ਅੱਤਵਾਦੀ ਹਮਲਿਆਂ ਵਿਚ 2017 ‘ਚ 42 ਭਾਰਤੀ ਫੌਜੀ ਸ਼ਹੀਦ ਹੋਏ ਅਤੇ 2018 ‘ਚ 45 ਭਾਰਤੀ ਫੌਜੀ ਸ਼ਹੀਦ ਹੋਏ।