ਨਵੀਂ ਦਿੱਲੀ — ਰਿਜ਼ਰਵ ਬੈਂਕ ਨੇ ਵੀ ਆਪਣੇ ਮੌਜੂਦਾ ਡਿਪਟੀ ਗਵਰਨਰ ਵਿਰਲ ਅਚਾਰਿਆ ਦੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵਿਰਲ ਅਚਾਰਿਆ ਨੇ ਕੁਝ ਹਫਤੇ ਪਹਿਲਾਂ ਰਿਜ਼ਰਵ ਬੈਂਕ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਉਹ 23 ਜੁਲਾਈ ਦੇ ਬਾਅਦ ਡਿਪਟੀ ਗਵਰਨਰ ਅਹੁਦੇ ‘ਤੇ ਨਹੀਂ ਰਹਿ ਸਕਣਗੇ। ਬਿਆਨ ਵਿਚ ਕਿਹਾ ਗਿਆ ਹੈ, ‘ਮੀਡੀਆ ‘ਚ ਖਬਰਾਂ ਆਈਆਂ ਹਨ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਡਿਪਟੀ ਗਵਰਨਰ ਡਾ. ਵਿਰਲ ਅਚਾਰਿਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਬਾਰੇ ਵਿਚ ਕਹਿਣਾ ਹੈ ਕਿ ਕੁਝ ਹਫਤੇ ਪਹਿਲਾਂ ਡਾ. ਅਚਾਰਿਆ ਨੇ ਰਿਜ਼ਰਵ ਬੈਂਕ ਨੂੰ ਇਕ ਪੱਤਰ ਦਿੱਤਾ ਸੀ ਕਿ ਉਹ ਨਿੱਜੀ (ਵਿਅਕਤੀਗਤ) ਕਾਰਨਾਂ ਕਰਕੇ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦਾ ਕਾਰਜਕਾਲ 23 ਜੁਲਾਈ 2019 ਦੇ ਬਾਅਦ ਜਾਰੀ ਰੱਖਣ ਲਈ ਅਸਮਰੱਥ ਹਨ।’
ਬਿਆਨ ਵਿਚ ਅੱਗੇ ਦੱਸਿਆ ਗਿਆ ਹੈ ਕਿ ਕੰਪਿਟੈਂਟ ਅਥਾਰਟੀ ਉਨ੍ਹਾਂ ਦੇ ਨਵੇਂ ਹਾਲਾਤਾਂ ‘ਤੇ ਵਿਚਾਰ ਕਰ ਰਹੇ ਹਨ। ਬਿਆਨ ਵਿਚ ਕਿਹਾ ਗਿਆ ਹੈ, ‘ਉਨ੍ਹਾਂ ਦਾ ਪੱਤਰ ਮਿਲਣ ਦੇ ਬਾਅਦ ਮਾਮਲਾ ਸੰਬੰਧਿਤ ਅਥਾਰਟੀ ਦੇ ਵਿਚਾਰਅਧੀਨ ਹੈ।’
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਵਿਰਲ ਅਚਾਰਿਆ ਦੇ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਨੂੰ ਛੱਡਣ ਦੀ ਖਬਰ ਫੈਲ ਗਈ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਚਾਰਿਆ ਆਪਣੇ ਪਰਿਵਾਰ ਦੇ ਕੋਲ ਨਿਊਯਾਰਕ ਜਾਣਗੇ ਅਤੇ ਉਥੇ ਹੀ ਯੂਨੀਵਰਸਿਟੀ ਵਿਚ ਪੜ੍ਹਾਉਣਗੇ।