ਹੈਦਰਾਬਾਦ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ‘ਪ੍ਰਜਾ ਵੇਦਿਕਾ’ ਬਿਲਡਿੰਗ ਨੂੰ ਤੋੜਨ ਦਾ ਆਦੇਸ਼ ਦਿੱਤਾ ਹੈ। ਮੰਗਲਵਾਰ ਤੋਂ ਬਿਲਡਿੰਗ ਤੋੜਨ ਦਾ ਕੰਮ ਸ਼ੁਰੂ ਹੋ ਜਾਵੇਗਾ। ਫਿਲਹਾਲ ‘ਪ੍ਰਜਾ ਵੇਦਿਕਾ’ ‘ਚ ਹੀ ਚੰਦਰਬਾਬੂ ਨਾਇਡੂ ਰਹਿ ਰਹੇ ਹਨ। ਬੀਤੇ ਦਿਨੀਂ ਚੰਦਰਬਾਬੂ ਨਾਇਡੂ ਨੇ ਜਗਨਮੋਹਨ ਰੈੱਡੀ ਨੂੰ ਚਿੱਠੀ ਲਿਖ ਕੇ ‘ਪ੍ਰਜਾ ਵੇਦਿਕਾ’ ਨੂੰ ਨੇਤਾ ਪ੍ਰਤੀਪੱਖ ਦਾ ਸਰਕਾਰੀ ਘਰ ਐਲਾਨ ਕਰਨ ਦੀ ਮੰਗ ਕੀਤੀ ਸੀ। ਵਾਈ.ਐੱਸ.ਆਰ. ਕਾਂਗਰਸ ਪਾਰਟੀ ਦੀ ਸਰਕਾਰ ਨੇ ਸ਼ਨੀਵਾਰ ਨੂੰ ਐੱਨ. ਚੰਦਰਬਾਬੂ ਨਾਇਡੂ ਦੇ ਅਮਰਾਵਤੀ ਸਥਿਤ ਘਰ ਪ੍ਰਜਾ ਵੇਦਿਕਾ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਤੇਲੁਗੂ ਦੇਸ਼ਮ ਪਾਰਟੀ ਨੇ ਇਸ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ।
ਚੰਦਰਬਾਬੂ ਨਾਇਡੂ ਉਦੋਂ ਤੋਂ ਕ੍ਰਿਸ਼ਨਾ ਨਦੀ ਦੇ ਕਿਨਾਰੇ ਉਂਦਾਵੱਲੀ ਸਥਿਤ ਇਸ ਘਰ ‘ਚ ਰਹਿ ਰਹੇ ਸਨ, ਜਦੋਂ ਤੋਂ ਆਂਧਰਾ ਪ੍ਰਦੇਸ਼ ਨੇ ਆਪਣਾ ਪ੍ਰਸ਼ਾਸਨ ਹੈਦਰਾਬਾਦ ਤੋਂ ਅਮਰਾਵਤੀ ਸ਼ਿਫਟ ਕੀਤਾ ਸੀ। ਹੈਦਰਾਬਾਦ ਹੁਣ ਤੇਲੰਗਾਨਾ ਦੀ ਰਾਜਧਾਨੀ ਬਣ ਗਿਆ ਹੈ। ਪ੍ਰਜਾ ਵੇਦਿਕਾ ਦਾ ਨਿਰਮਾਣ ਸਰਕਾਰ ਨੇ ਆਂਧਰਾ ਪ੍ਰਦੇਸ਼ ਰਾਜਧਾਨੀ ਖੇਤਰ ਵਿਕਾਸ ਅਥਾਰਟੀ (ਏ.ਪੀ.ਸੀ.ਆਰ.ਡੀ.ਏ.) ਰਾਹੀਂ ਸਾਬਕਾ ਮੁੱਖ ਮੰਤਰੀ ਰਿਹਾਇਸ਼ ਦੇ ਰੂਪ ‘ਚ ਕੀਤਾ ਸੀ। 5 ਕਰੋੜ ਰੁਪਏ ‘ਚ ਬਣੇ ਇਸ ਘਰ ਦੀ ਵਰਤੋਂ ਨਾਇਡੂ ਅਧਿਕਾਰਤ ਕੰਮਾਂ ਦੇ ਨਾਲ ਹੀ ਪਾਰਟੀ ਦੀਆਂ ਬੈਠਕਾਂ ਲਈ ਕਰਦੇ ਸਨ।
ਨਾਇਡੂ ਨੇ ਇਸ ਮਹੀਨੇ ਦੇ ਸ਼ੁਰੂ ‘ਚ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੂੰ ਪੱਤਰ ਲਿਖ ਕੇ ਇਸ ਢਾਂਚੇ ਦੀ ਵਰਤੋਂ ਬੈਠਕਾਂ ਲਈ ਕਰਨ ਦੀ ਮਨਜ਼ੂਰੀ ਮੰਗੀ ਸੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਨੂੰ ਨੇਤਾ ਪ੍ਰਤੀਪੱਖ ਦਾ ਘਰ ਐਲਾਨ ਕਰ ਦੇਣ ਪਰ ਸਰਕਾਰ ਨੇ ਪ੍ਰਜਾ ਵੇਦਿਕਾ ਨੂੰ ਕਬਜ਼ੇ ‘ਚ ਲੈਣ ਦਾ ਸ਼ੁੱਕਰਵਾਰ ਫੈਸਲਾ ਕੀਤਾ ਅਤੇ ਐਲਾਨ ਕੀਤਾ ਕਿ ਕਲੈਕਟਰਾਂ ਦਾ ਸੰਮੇਲਨ ਉੱਥੇ ਹੋਵੇਗਾ। ਪਹਿਲਾਂ ਇਹ ਸੰਮੇਲਨ ਰਾਜ ਸਕੱਤਰ ‘ਚ ਹੋਣਾ ਤੈਅ ਸੀ। ਨਾਇਡੂ ਇਸ ਸਮੇਂ ਪਰਿਵਾਰ ਦੇ ਮੈਂਬਰਾਂ ਨਾਲ ਵਿਦੇਸ਼ ‘ਚ ਛੁੱਟੀਆਂ ਮਨ੍ਹਾ ਰਹੇ ਹਨ।