ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ‘ਆਪ’ ਵਿਧਾਇਕ ਮਨੋਜ ਕੁਮਾਰ ਨੂੰ ਚੋਣ ਪ੍ਰਕਿਰਿਆ ਰੋਕਣ ਦੇ ਇਕ ਅਪਰਾਧ ‘ਚ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਵਿਧਾਨ ਸਭਾ ਚੋਣਾਂ 2013 ਦੌਰਾਨ ਪੂਰਬੀ ਦਿੱਲੀ ਦੇ ਕਲਿਆਣਪੁਰੀ ਸਥਿਤ ਵੋਟਿੰਗ ਕੇਂਦਰ ‘ਤੇ ਉਨ੍ਹਾਂ ਵਿਰੁੱਧ ਇਹ ਸ਼ਿਕਾਇਤ ਕੀਤੀ ਗਈ ਸੀ। ਮੁੱਖ ਜੱਜ ਸਮਰ ਵਿਸ਼ਾਲ ਨੇ ਹਾਲਾਂਕਿ ਕੁਮਾਰ ਨੂੰ 10 ਹਜ਼ਾਰ ਰੁਪਏ ਦੇ ਬਾਂਡ ‘ਤੇ ਜ਼ਮਾਨਤ ਦੇ ਦਿੱਤੀ। ਮਨੋਜ ਹੁਣ ਇਸ ਫੈਸਲੇ ਵਿਰੁੱਧ ਉੱਪਰੀ ਅਦਾਲਤ ‘ਚ ਅਪੀਲ ਕਰ ਸਕਦੇ ਹਨ।
ਕੋਰਟ ਨੇ 11 ਜੂਨ ਨੂੰ ਕੁਮਾਰ ਨੂੰ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 186 ਦੇ ਅਧੀਨ ਜਨਤਕ ਡਿਊਟੀ ਨਿਭਾ ਰਹੇ ਸਰਕਾਰੀ ਸਵੇਕ ਦੇ ਕੰਮ ‘ਚ ਰੁਕਾਵਟ ਪਾਉਣ ਅਤੇ ਜਨਪ੍ਰਤੀਨਿਧੀਤੱਵ ਕਾਨੂੰਨ ਦੀ ਧਾਰਾ 131 ਦੇ ਅਧੀਨ ਵੋਟਿੰਗ ਕੇਂਦਰ ਨੇੜੇ ਅਵਿਵਸਥਾ ਫੈਲਾਉਣ ਦਾ ਦੋਸ਼ੀ ਠਹਿਰਾਇਆ ਸੀ। ਕੁਮਾਰ ‘ਤੇ ਦੋਸ਼ ਹੈ ਕਿ ਸਾਲ 2013 ‘ਚ ਦਿੱਲੀ ਵਿਧਾਨ ਸਭਾ ਚੋਣਾਂ ‘ਚ ਐੱਮ.ਸੀ.ਡੀ. ਸਕੂਲ ਦੇ ਮੁੱਖ ਦੁਆਰ ‘ਤੇ 50 ਲੋਕਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਸੀ, ਜਿਸ ਨਾਲ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।