ਨਵੀਂ ਦਿੱਲੀ — ਅਭਿਨੇਤਰੀ ਅਤੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਲੀਡਰਸ਼ਿਪ ‘ਚ ਦੇਸ਼ ਵਿਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ‘ਨਿਊ ਇੰਡੀਆ’ ਦਾ ਸੁਪਨਾ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੀਆਂ ਅੱਖਾਂ ਵਿਚ ਦੇਖਿਆ ਜਾ ਰਿਹਾ ਹੈ ਅਤੇ ਅੱਜ ਕਿਸੇ ਵਿਚ ਦਮ ਨਹੀਂ ਹੈ ਕਿ ਉਹ ਭਾਰਤ ਨੂੰ ਅੱਖ ਦਿਖਾਵੇ। ਰਾਸ਼ਟਰਪਤੀ ਭਾਸ਼ਣ ਦੇ ਧੰਨਵਾਦ ਪ੍ਰਸਤਾਵ ‘ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਹੇਮਾ ਨੇ ਕਿਹਾ ਕਿ ਦੇਸ਼ ਵਿਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਵਿਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ਪਿਛਲੇ 5 ਸਾਲਾਂ ਵਿਚ ਇਸ ਦਿਸ਼ਾ ਵਿਚ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਇਹ ਹੀ ਕਾਰਨ ਹੈ ਕਿ ਲੋਕਾਂ ਨੇ ਸਾਡੇ ਕੰਮ ‘ਤੇ ਵੱਡੀ ਮੋਹਰ ਲਾਉਣ ਦੇ ਨਾਲ-ਨਾਲ ਸਾਨੂੰ ਭਾਰੀ ਫਰਕ ਨਾਲ ਜਿੱਤ ਦਿਵਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਸੱਚਾ ਭਾਰਤੀ ਦੇਸ਼ ਨੂੰ ਵਿਕਸਿਤ ਹੁੰਦੇ ਦੇਖਣਾ ਚਾਹੁੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਦੇਸ਼ ‘ਚ ਸਵੱਛਤਾ ਸਮੇਤ ਹੋਰ ਪ੍ਰੋਗਰਾਮਾਂ ਦੇ ਜ਼ਰੀਏ ਨਵੇਂ ਭਾਰਤ ਦੇ ਨਿਰਮਾਣ ਕੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਹਿਤ ਸਭ ਤੋਂ ਵੱਡਾ ਕੰਮ ਮਹਿਲਾ ਮਜ਼ਬੂਤੀਕਰਨ ਦਾ ਹੋਇਆ ਹੈ ਅਤੇ ਅੱਜ ਹਰ ਖੇਤਰ ਵਿਚ ਔਰਤਾਂ ਅੱਗੇ ਆ ਰਹੀਆਂ ਹਨ। ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਨਿਊ ਇੰਡੀਆ ਦਾ ਨਿਰਮਾਣ ਕੀਤਾ ਜਾ ਰਿਹਾ ਹੈ।