ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣਾ ਅਹੁਦਾ ਛੱਡਣ ‘ਤੇ ਅੜੇ ਹੋਏ ਹਨ। ਅੱਜ ਦਿੱਲੀ ‘ਚ ਹੋਈ ਕਾਂਗਰਸ ਸੰਸਦੀ ਦਲ ਦੀ ਬੈਠਕ ‘ਚ ਵੀ ਰਾਹੁਲ ਨੇ ਸਾਫ਼ ਕੀਤਾ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣ ਵਾਲੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਰਾਹੁਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਦੀ ਪ੍ਰਧਾਨਗੀ ‘ਚ ਹੋਈ ਇਸ ਬੈਠਕ ‘ਚ ਰਾਹੁਲ ਨੂੰ ਕਾਂਗਰਸ ਨੇਤਾਵਾਂ ਨੇ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਪਰ ਰਾਹੁਲ ਨੇ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਬੈਠਕ ‘ਚ ਕਾਂਗਰਸ ਦੇ 51 ਸੰਸਦ ਮੈਂਬਰ ਮੌਜੂਦ ਸਨ। ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਰਾਹੁਲ ਸੀ.ਡਬਲਿਊ.ਸੀ. (ਕਾਂਗਰਸ ਵਰਕਿੰਗ ਕਮੇਟੀ) ਦੀ ਬੈਠਕ ‘ਚ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ।
ਸੂਤਰਾਂ ਅਨੁਸਾਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਅਤੇ ਮਨੀਸ਼ ਤਿਵਾੜੀ ਨੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੂੰ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਪੂਰੀ ਪਾਰਟੀ ਦੀ ਹੈ ਅਤੇ ਕਿਸੇ ਇਕ ਨੂੰ ਇਸ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ 52 ਸੀਟਾਂ ਹੀ ਜਿੱਤ ਸਕੀ ਸੀ, ਜਦੋਂ ਕਿ ਸੱਤਾਧਾਰੀ ਭਾਜਪਾ ਨੇ ਇਕੱਲੇ 303 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।