ਨਵੀਆਂ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰ ਕੇ ਸ਼ਾਇਦ ਤੁਸੀਂ ਰੋਮ ਦੇ ਆਕਾਰ ਦਾ ਸ਼ਹਿਰ ਇੱਕ ਦਿਨ ਵਿੱਚ ਹੀ ਖੜ੍ਹਾ ਕਰ ਸਕੋ। ਤੁਹਾਨੂੰ ਕੇਵਲ ਦਰਕਾਰ ਹੋਣਗੀਆਂ ਬਹੁਤ ਸਾਰੀਆਂ ਪਹਿਲਾਂ ਤੋਂ ਨਿਰਮਿਤ ਇਮਾਰਤਾਂ ਅਤੇ ਇੱਕ ਬਾਖ਼ੂਬੀ ਸੰਗਠਿਤ ਟੀਮ ਜਿਹੜੀ ਉਨ੍ਹਾਂ ਨੂੰ ਇੱਕ ਚੰਗੀ ਤਰਤੀਬ ਦੇ ਸਕੇ। ਇੰਝ ਜੋ ਕੁਝ ਵੀ ਤੁਸੀਂ ਉਸਾਰੋਗੇ ਉਹ, ਪਰ, ਭਵਨ ਨਿਰਮਾਣ ਕਲਾ ਦੇ ਮਹਾਨ ਸ਼ਾਹਕਾਰਾਂ ਵਿੱਚ ਕਦੇ ਵੀ ਨਹੀਂ ਗਿਣਿਆ ਜਾਣ ਲੱਗਾ। ਸੱਚੀ ਸਦੀਵੀ ਖ਼ੂਬਸੂਰਤੀ ਜਾਂ ਕੀਮਤ ਵਾਲੀਆਂ ਚੀਜ਼ਾਂ ਨੂੰ ਰਚਣ ਵਿੱਚ ਅੱਜ ਵੀ ਓਨਾ ਹੀ ਸਮਾਂ ਲੱਗਦੈ ਜਿੰਨਾ ਹਮੇਸ਼ਾ ਲੱਗਿਆ ਕਰਦਾ ਸੀ। ਤੁਹਾਡੀ ਦਿਲਚਸਪੀ ਕੋਈ ਮਹਾਂਨਗਰ ਉਸਾਰਣ ਵਿੱਚ ਤਾਂ ਭਾਵੇਂ ਨਾ ਵੀ ਹੋਵੇ, ਪਰ ਤੁਸੀਂ ਕੋਈ ਵੱਡੀ ਸ਼ੈਅ ਖੜ੍ਹੀ ਕਰਨ ਦੀ ਕਾਹਲ ਵਿੱਚ ਜ਼ਰੂਰ ਹੋ। ਉਸ ਲਈ ਤੁਹਾਨੂੰ ਕੋਈ ਅਜਿਹਾ ਜੁਗਾੜ ਲਗਾਉਣ ਦੀ ਲੋੜ ਹੈ ਜਿਸ ਵਿੱਚ ਕੁਆਲਿਟੀ ਨਾਲ ਥੋੜ੍ਹਾ ਸਮਝੌਤਾ ਕਰਨਾ ਪੈ ਸਕਦੈ। ਪਰ ਇਸ ਵਕਤ ਜੋ ਲੋੜੀਂਦੈ ਉਹ ਹੈ ਇੱਕ ਮੁਨਾਸਿਬ ਹੱਲ ਨਾ ਕਿ ਕਾਹਲ ਵਿੱਚ ਕੀਤੀ ਗਈ ਡੰਗ ਟਪਾਊ ਮੁਰੱਮਤ। ਇਹ ਅਸੁਵਿਧਾਜਨਕ ਹੋ ਸਕਦੈ, ਪਰ ਇੱਕ ਵਾਰ ਜਦੋਂ ਤੁਸੀਂ ਇਸ ਦਿਸ਼ਾ ਵਿੱਚ ਅੱਗੇ ਵਧੋਗੇ, ਤੁਸੀਂ ਇਸ ਗੱਲ ਲਈ ਪਰਸੰਨ ਹੋਵੋਗੇ ਕਿ ਤੁਸੀਂ ਸਮਝੌਤਾ ਕਰਨ ਦੇ ਲਾਲਚ ਵਿੱਚ ਨਹੀਂ ਫ਼ਸੇ। ਜੇਕਰ ਜੂਆ ਖੇਡਣਾ ਹੀ ਹੈ ਤਾਂ ਦਾਅ ਹਮੇਸ਼ਾ ਬਿਹਤਰੀਨ ਸ਼ੈਅ ‘ਤੇ ਲਗਾਓ।
ਕਦੇ ਕਦਾਈਂ, ਆਸਮਾਨ ਸਾਨੂੰ ਕੋਈ ਬਹੁਤ ਹੀ ਖ਼ਾਸ ਵਰਦਾਨ ਬਖ਼ਸ਼ ਦਿੰਦੈ। ਉਹ ਸਾਨੂੰ ਜ਼ਿੰਦਗੀ ਦੀ ਖੇਡ ਵਿੱਚ ਜਿੱਤ ਦੇ ਤਜਰਬੇ ਦਾ ਸਵਾਦ ਚਖਣ ਦਿੰਦੈ ਜਾਂ ਸਾਨੂੰ ਅਜਿਹਾ ਮਹਿਸੂਸ ਕਰਨ ਦੀ ਇਜਾਜ਼ਤ ਦਿੰਦੈ, ਭਾਵੇਂ ਆਰਜ਼ੀ ਤੌਰ ‘ਤੇ ਹੀ ਸਹੀ, ਜਿਵੇਂ ਅਸੀਂ ਆਪਣੀਆਂ ਸਾਰੀਆਂ ਮੁਸ਼ਕਿਲਾਂ ਤੋਂ ਉੱਪਰ ਉੱਠ ਚੁੱਕੇ ਹਾਂ ਅਤੇ ਜੀਣ ਦਾ ਇੱਕ ਅਜਿਹਾ ਢੰਗ ਲੱਭ ਲਿਐ ਜਿਹੜਾ ਸਾਨੂੰ ਮੁਕੰਮਲ ਰੂਪ ਵਿੱਚ ਤਨਾਅ ਰਹਿਤ ਰਹਿਣ ਦੀ ਇਜਾਜ਼ਤ ਦੇਵੇਗਾ। ਲਾਜ਼ਮੀ ਹੈ ਕਿ ਕਿਤੋਂ ਨਾ ਕਿਤੋ, ਕੋਈ ਨਾ ਕੋਈ ਅਜਿਹੀ ਸ਼ੈਅ ਵੀ ਆਵੇਗੀ ਜਿਹੜੀ ਤੁਹਾਡੇ ਉਸ ਬੁਲਬੁਲੇ ਨੂੰ ਫ਼ੋੜ ਦੇਵੇਗੀ। ਪਰ ਇਹ ਵਕਤ ਆਪਣੀ ਤਾਕਤ ਇਹ ਸੋਚਣ ਵਿੱਚ ਜ਼ਾਇਆ ਕਰਨ ਦਾ ਨਹੀਂ ਕਿ ਉਹ ਕਿਹੜੀ ਚੀਜ਼ ਹੋਵੇਗੀ ਅਤੇ ਕਦੋਂ ਆਵੇਗੀ। ਆਪਣੇ ਖ਼ਾਸ ਪਲ ਨੂੰ ਬੋਚੋ ਅਤੇ ਅਸਧਾਰਣ ਤੌਰ ‘ਤੇ ਸ਼ਾਨਦਾਰ ਵਕਤ ਗੁਜ਼ਾਰਨ ਲਈ ਤਿਆਰ ਰਹੋ।
ਕਲਪਨਾ ਕਰੋ ਕਿ ਖ਼ੁਸ਼ੀ ਕੋਈ ਸਥਾਨ, ਕੋਈ ਜਗ੍ਹਾ ਹੈ; ਜੇ ਚਾਹੋ ਤਾਂ ਮੰਨ ਲਓ ਕਿ ਉਹ ਇੱਕ ਸ਼ਹਿਰ ਹੈ। ਬਹੁਤ ਸਾਰੀਆਂ ਵੱਖੋ ਵੱਖਰੀਆਂ ਸੜਕਾਂ ਉਸ ਤਕ ਲੈ ਕੇ ਜਾਂਦੀਆਂ ਹਨ, ਪਰ ਇੱਕ ਵਾਰ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ, ਇਸ ਨਾਲ ਬਿਲਕੁਲ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉੱਥੇ ਅੱਪੜਨ ਲਈ ਤੁਸੀਂ ਕਿਹੜਾ ਰਸਤਾ ਲਿਆ ਸੀ। ਹਾਂ ਜੇਕਰ ਤੁਸੀਂ ਕਿਸੇ ਅਜਿਹੇ ਭੁਲੇਖਾਪਾਊ ਸਾਈਨਪੋਸਟ ਦੇ ਮਗਰ ਲੱਗ ਕੇ ਚਲਦੇ ਰਹੇ ਜਿਹੜਾ ਤੁਹਾਨੂੰ ‘ਵੱਧ ਖ਼ੁਸ਼ੀ’ ਵਰਗੀਆਂ ਦਿਲਫ਼ਰੇਬ ਮੰਜ਼ਿਲਾਂ ‘ਤੇ ਪਹੁੰਚਾਉਣ ਦਾ ਦਾਅਵਾ ਕਰਦਾ ਸੀ ਤਾਂ ਫ਼ਿਰ ਗੱਲ ਦੂਸਰੀ ਹੈ। ਫ਼ਿਰ ਤੁਹਾਨੂੰ ਚੇਤੇ ਰੱਖਣਾ ਚਾਹੀਦੈ ਕਿ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਵਾਪਿਸ ਜਾਣ ਦਾ ਬਿਹਤਰੀਨ ਰਾਹ ਜ਼ਰੂਰੀ ਨਹੀਂ ਉਹੀ ਰਸਤਾ ਹੋਵੇ ਜਿਹੜਾ ਤੁਸੀਂ ਪਿਛਲੀ ਵਾਰ ਚੁਣਿਆ ਸੀ ਜਦੋਂ ਤੁਸੀਂ ਉੱਥੋਂ ਫ਼ਰਾਰ ਹੋਣਾ ਚਾਹੁੰਦੇ ਸੀ ਜਿੱਥੇ ਤੁਸੀਂ ਬਿਲਕੁਲ ਵੀ ਨਹੀਂ ਸੀ ਰਹਿਣਾ ਚਾਹੁੰਦੇ!
ਵਪਾਰ ਅਤੇ ਮਾਰਕਿਟਿੰਗ ਦੇ ਸੰਸਾਰ ਵਿੱਚ ਉੱਚੇ ਉੱਡਣ ਵਾਲਿਆਂ ਦਰਮਿਆਨ ਇੱਕ ਤਕੀਆ ਕਲਾਮ ਬਹੁਤ ਮਸ਼ਹੂਰ ਹੈ। ਉਹ ਵੇਚਣ ਵਾਲੀ ਕਿਸੇ ਵੀ ਸ਼ੈਅ ਵਿਚਲੇ ਨੁਕਸ ਨੂੰ ਉਸ ਵਸਤੂ ਦਾ ਇੱਕ ਵਿਲੱਖਣ ਲੱਛਣ (unique selling point) ਬਣਾ ਕੇ ਗ੍ਰਾਹਕ ਨੂੰ ਪੇਸ਼ ਕਰਨ ਦੀ ਗੱਲ ਕਰਦੇ ਹਨ। ਦੰਦਾਂ ਦੇ ਬਰੱਸ਼ ਦਾ ਹੈਂਡਲ ਬਹੁਤ ਜ਼ਿਆਦਾ ਛੋਟੈ? ਨੋ ਪ੍ਰੌਬਲਮ! ਸਫ਼ਰ ਵਿੱਚ ਨਾਲ ਰੱਖਣ ਲਈ ਉੱਤਮ ਕਹਿ ਕੇ ਵੇਚੋ। ਟੈਲੀਵਿਯਨ ਸੈੱਟ ਲੋੜੋਂ ਵੱਧ ਭਾਰੈ? ਉਸ ਨੂੰ ਇਸ ਤਰ੍ਹਾਂ ਪੇਸ਼ ਕਰੋ ਜਿਸ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰ ਵੀ ਦਸ ਵਾਰ ਸੋਚਣਗੇ! ਕਿਸੇ ਵੀ ਮੁਸ਼ਕਿਲ ਸਥਿਤੀ ਨੂੰ ਸਾਕਾਰਾਤਮਕ ਰੰਗਤ ਦਿੱਤੀ ਜਾ ਸਕਦੀ ਹੈ, ਪਰ ਤੁਹਾਨੂੰ ਆਪਣੀ ਮੌਜੂਦਾ ਸਥਿਤੀ ਲਈ ਕੋਈ ਨਵੇਂ ਸਿਆਣੇ ਢੰਗ ਸਿਰਜਣ ਦੀ ਬਹੁਤੀ ਲੋੜ ਨਹੀਂ। ਛੇਤੀ ਹੀ, ਬੇਸ਼ੱਕ ਜਿਹੜੇ ਮਰਜ਼ੀ ਜ਼ਾਵੀਏ ਤੋਂ ਦੇਖਿਓ, ਘਟਨਾਵਾਂ ਹਰ ਐਂਗਲ ਤੋਂ ਹੀ ਸਹੀ ਪ੍ਰਤੀਤ ਹੋਣਗੀਆਂ।
ਤੁਸੀਂ ਆਪਣੀ ਗ਼ਲਤੀ ਕਾਰਨ ਬੇਵਕੂਫ਼ ਨਜ਼ਰ ਆਓ ਤਾਂ ਉਹ ਇਹ ਇੱਕ ਚੀਜ਼ ਹੈ, ਪਰ ਬਿਲਕੁਲ ਵੱਖਰੀ ਜੇ ਕੋਈ ਹੋਰ ਤੁਹਾਨੂੰ ਬੇਵਕੂਫ਼ ਦਿਖਾਉਣ ਦੀ ਕੋਸ਼ਿਸ਼ ਕਰੇ। ਇਸੇ ਤਰ੍ਹਾਂ, ਜਦੋਂ ਤੁਸੀਂ ਗੱਡੀ ਦੀ ਡਰਾਈਵਿੰਗ ਸੀਟ ‘ਤੇ ਬੈਠੇ ਹੋਵੋ ਤਾਂ ਖ਼ਤਰਨਾਕ ਤੋਂ ਖ਼ਤਰਨਾਕ ਡਰਾਈਵਿੰਗ ‘ਚ ਵੀ ਤੁਹਾਨੂੰ ਡਰ ਨਹੀਂ ਲੱਗਦਾ ਕਿਉਂਕਿ ਸਟੇਅਰਿੰਗ ਤੁਹਾਡੇ ਹੱਥ ਹੁੰਦੈ, ਪਰ ਜਦੋਂ ਤੁਸੀਂ ਕਿਸੇ ਗੱਡੀ ਵਿੱਚ ਸਵਾਰੀ ਕਰ ਰਹੇ ਹੋਵੋ ਤਾਂ ਕਈ ਵਾਰ ਮਾੜਾ ਜਿੰਨਾ ਹਿਚਕੋਲਾ ਵੀ ਤੁਹਾਡਾ ਤਰਾਹ ਕੱਢ ਜਾਂਦੈ। ਜੇਕਰ ਤੁਸੀਂ ਹਾਲ ਹੀ ਵਿੱਚ ਅੰਦਰੂਨੀ ਤੌਰ ‘ਤੇ ਕਮਜ਼ੋਰ ਮਹਿਸੂਸ ਕਰਨਾ ਸ਼ੁਰੂ ਕੀਤੈ ਤਾਂ ਘਬਰਾਓ ਨਾ। ਛੇਤੀ ਹੀ, ਵਧੇਰੇ ਸੁਰੱਖਿਆ ਦੀ ਭਾਵਨਾ ਵਾਪਿਸ ਪਰਤੇਗੀ। ਓਦੋਂ ਤਕ, ਦੂਸਰਿਆਂ ਨੂੰ ਆਪਣੀ ਉਸ ਕਮਜ਼ੋਰੀ ਦਾ ਫ਼ਾਇਦਾ ਨਾ ਚੁੱਕਣ ਦਿਓ ਜਿਸ ਦਾ ਮੁਜ਼ਾਹਰਾ ਤੁਸੀਂ ਖ਼ੁਦ ਹੀ ਬਹਾਦਰੀ ਨਾਲ ਕੀਤੈ। ਜੇਕਰ ਤੁਸੀਂ ਆਪਣੀ ਕੋਈ ਊਣਤਾਈ ਮੰਨਣ ਦੀ ਦਲੇਰੀ ਦਿਖਾ ਸਕੋ ਅਤੇ ਫ਼ਿਰ ਉਸ ਲਈ ਆਪਣੇ ਆਪ ਨੂੰ ਮੁਆਫ਼ ਕਰਨ ਦੀ ਸਿਆਣਪ ਵੀ ਕਰ ਸਕੋ ਤਾਂ ਜ਼ਿੰਦਗੀ ਵਿੱਚ ਅਵੱਸ਼ ਸੁਧਾਰ ਆਵੇਗਾ।