ਲੰਡਨ – ਧਾਕੜ ਜਰਮਨ ਟੈਨਿਸ ਖਿਡਾਰੀ ਬੋਰਿਸ ਬੇਕਰ ਨੂੰ ਆਪਣਾ ਕਰਜ਼ਾ ਲਾਹੁਣ ਲਈ ਕਰੀਅਰ ‘ਚ ਮਿਹਨਤ ਨਾਲ ਹਾਸਿਲ ਕੀਤੀਆਂ ਗਈਆਂ ਬੇਸ਼ਕੀਮਤੀ ਟਰੌਫ਼ੀਆਂ ਨੂੰ ਨੀਲਾਮ ਕਰਨਾ ਪੈ ਰਿਹਾ ਹੈ। ਬ੍ਰਿਟਿਸ਼ ਨੀਲਾਮੀ ਫ਼ਰਮ ਵਾਈਲਜ਼ ਹਾਰਡੀ ਨੇ ਲੰਘੇ ਸੋਮਵਾਰ ਤੋਂ ਔਨਲਾਈਨ ਨੀਲਾਮੀ ਰਾਹੀਂ ਇਨ੍ਹਾਂ ਟਰਾਫ਼ੀਆਂ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਗ੍ਰੈਂਡ ਸਲੈਮ ਵਿੰਬਲਡਨ ਦੇ ਇਤਿਹਾਸ ਵਿੱਚ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਨੌਜਵਾਨ ਟੈਨਿਸ ਸਟਾਰ ਬੇਕਰ ਆਪਣੇ ਸਮੇਂ ਦੇ ਮਹਾਨ ਟੈਨਿਸ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ ਜਿਸ ਨੇ ਸਿਰਫ਼ 17 ਸਾਲ ਦੀ ਉਮਰ ‘ਚ ਹੀ ਤਿੰਨ ਗ੍ਰੈਂਡ ਸਲੈਮ ਜਿੱਤ ਲਏ ਸਨ।
ਬੇਕਰ ਪੈਸੇ ਇਕੱਠੇ ਕਰਨ ਲਈ ਆਪਣੇ ਤਮਗ਼ੇ, ਕੱਪ, ਘੜੀਆਂ ਅਤੇ ਫ਼ੋਟੋਆਂ ਸਮੇਤ ਕੁੱਲ 82 ਚੀਜ਼ਾਂ ਦੀ ਨੀਲਾਮੀ ਕਰੇਗਾ। ਇਹ ਨੀਲਾਮੀ 11 ਜੁਲਾਈ ਤਕ ਚੱਲੇਗੀ ਜਿਸ ਦੀ ਜਾਣਕਾਰੀ ਨੀਲਾਮੀਕਰਤਾ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤੀ ਹੈ। ਜਰਮਨ ਸਟਾਰ ਦੀਆਂ ਟਰਾਫ਼ੀਆਂ ਵਿੱਚ ਚੈਲੰਜ ਕੱਪ ਅਤੇ ਤਿੰਨ ਰੇਨਸ਼ਾ ਕੱਪ ਸ਼ਾਮਿਲ ਹਨ। ਸਾਲ 1990 ਵਿੱਚ ਵਿੰਬਲਡਨ ਦੇ ਫ਼ਾਈਨਲਿਸਟ ਰਹਿਣ ‘ਤੇ ਪ੍ਰਾਪਤ ਹੋਇਆ ਉਸ ਦਾ ਤਮਗ਼ਾ ਅਤੇ ਸਾਲ 1989 ਵਿੱਚ ਐਵਨ ਲੈਂਡਲ ‘ਤੇ ਮਿਲੀ ਜਿੱਤ ਤੋਂ ਬਾਅਦ ਭੇੰਟ ਕੀਤਾ ਗਿਆ US ਓਪਨ ਦਾ ਚਾਂਦੀ ਨਾਲ ਬਣਿਆ ਕੱਪ ਵੀ ਨੀਲਾਮ ਕੀਤਾ ਜਾਵੇਗਾ।
51 ਸਾਲਾ ਮਹਾਨ ਖਿਡਾਰੀ ਨੂੰ ਸਾਲ 2017 ‘ਚ ਦੀਵਾਲੀਆ ਐਲਾਨ ਕਰ ਦਿੱਤਾ ਗਿਆ ਸੀ। ਜੂਨ 2018 ‘ਚ ਹਾਲਾਂਕਿ ਵਿਸ਼ੇਸ਼ ਡਿਪਲੋਮੈਟਿਕ ਦਰਜਾ ਹਾਸਿਲ ਹੋਣ ਦਾ ਹਵਾਲਾ ਦੇ ਕੇ ਉਸ ਨੇ ਆਪਣੀ ਨਿੱਜੀ ਸੰਪਤੀ ਦੀ ਨੀਲਾਮੀ ਰੁਕਵਾ ਦਿੱਤੀ ਸੀ। ਸਾਬਕਾ ਨੰਬਰ ਇੱਕ ਟੈਨਿਸ ਖਿਡਾਰੀ ਅਤੇ ਛੇ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ‘ਤੇ ਲੱਖਾਂ ਪਾਊਂਡ ਦਾ ਕਰਜ਼ਾ ਹੈ, ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਨੀਲਾਮੀ ਤੋਂ ਵੀ ਉਹ ਇਸ ਨੂੰ ਚੁਕਾ ਨਹੀਂ ਸਕੇਗਾ। ਬੇਕਰ ਮਾਰਲੋਕਾ ਵਿੱਚ ਆਪਣੇ ਆਲੀਸ਼ਾਨ ਮਕਾਨ ‘ਤੇ ਹੋਏ ਨਿਰਮਾਣ ਲਈ ਪੈਸਾ ਨਾ ਦੇਣ ਅਤੇ ਆਪਣੀ ਸਾਬਕਾ ਪਤਨੀ ਨਾਲ ਕਾਨੂੰਨੀ ਲੜਾਈ ਅਤੇ ਜਰਮਨੀ ਵਿੱਚ 17 ਲੱਖ ਯੂਰੋ ਦੀ ਟੈਕਸ ਚੋਰੀ ਵਰਗੇ ਕਈ ਮਾਮਲਿਆਂ ਵਿੱਚ ਫ਼ਸਿਆ ਹੋਇਆ ਹੈ।