ਨਵੀਂ ਦਿੱਲੀ – ਇੰਗਲੈਂਡ ‘ਚ ਚੱਲ ਰਹੇ ICC ਵਿਸ਼ਵ ਕੱਪ ਵਿੱਚ ਭਾਰਤ ਵਲੋਂ ਵਿਕਟਕੀਪਿੰਗ ਕਰ ਰਿਹਾ ਮਹਿੰਦਰ ਸਿੰਘ ਧੋਨੀ ਕੀ ਇਸ ਟੂਰਨਾਮੈਂਟ ਤੋਂ ਬਾਅਦ ਰਿਟਾਇਰ ਹੋ ਜਾਵੇਗਾ? ਇਹ ਇਸ ਸਮੇਂ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਧੋਨੀ ਨੂੰ ਖ਼ੁਦ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ ਕਿਉਂਕਿ ਹੁਣ ਬੱਲੇ ਅਤੇ ਵਿਕਟਾਂ ਦੇ ਪਿੱਛੇ ਉਸ ਦਾ ਪ੍ਰਦਰਸ਼ਨ ਠੀਕ ਨਹੀਂ ਚੱਲ ਰਿਹਾ। ਧੋਨੀ 7 ਜੁਲਾਈ ਨੂੰ 38 ਸਾਲਾਂ ਦਾ ਹੋ ਰਿਹਾ ਹੈ ਅਤੇ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਇਹ ਇੱਕ ਸਹੀ ਉਮਰ ਹੁੰਦੀ ਹੈ।
ਧੋਨੀ ਦੇ ਹੱਥ ਅਤੇ ਅੱਖਾਂ ਗ਼ਜ਼ਬ ਦੀ ਫ਼ੁਰਤੀ ਨਾਲ ਕੰਮ ਕਰਦੀਆਂ ਹਨ, ਪਰ ਉਸ ਦੇ ਹੈਲੀਕੌਪਟਰ ਸ਼ੌਟ ਹੁਣ ਕੰਮ ਨਹੀਂ ਕਰ ਰਹੇ। ਧੋਨੀ ਨੇ ਬੰਗਲਾਦੇਸ਼ ਵਿਰੁੱਧ ਅਭਿਆਸ ਮੈਚ ‘ਚ 78 ਗੇਂਦਾਂ ‘ਤੇ 113 ਦੌੜਾਂ ਬਣਾਈਆਂ ਸਨ, ਪਰ ਅਫ਼ਗ਼ਾਨਿਸਤਾਨ ਵਿਰੁੱਧ ਮੈਚ ਵਿੱਚ 52 ਗੇਂਦਾਂ ‘ਤੇ ਸਿਰਫ਼ 28 ਦੌੜਾਂ ਬਣਾਉਣ ਤੋਂ ਬਾਅਦ ਉਸ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਕੀ ਧੋਨੀ ਇਸ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲਵੇਗਾ, ਮੀਡੀਆ ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਅਟਕਲਾਂ ਨੂੰ ਆਵਾਜ਼ ਦੇ ਰਿਹਾ ਹੈ।
ਸਚਿਨ ਤੇਂਦੁਲਕਰ, ਕਪਿਲ ਦੇਵ ਅਤੇ ਧੋਨੀ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਕ੍ਰਿਕਟਰ ਮੰਨੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਸਚਿਨ ਅਤੇ ਕਪਿਲ ਦੇਵ ਨੂੰ ਸਮੇਂ ‘ਤੇ ਹੀ ਸੰਨਿਆਸ ਲੈ ਲੈਣਾ ਚਾਹੀਦਾ ਸੀ, ਪਰ ਕਪਿਲ ਦੇਵ ਨੇ ਰਿਚਰਡ ਹੈਡਲੀ ਦੀਆਂ 431 ਵਿਕਟਾਂ ਦੇ ਰਿਕਾਰਡ ਨੂੰ ਤੋੜਨ ਲਈ ਦੋ ਸਾਲ ਵਾਧੂ ਗੇਂਦਬਾਜ਼ੀ ਕੀਤੀ ਸੀ ਅਤੇ ਸਚਿਨ ਨੇ ਵੀ ਆਪਣੇ 100 ਸੈਂਕੜੇ ਅਤੇ 200 ਕੌਮਾਂਤਰੀ ਟੈੱਸਟ ਮੈਚਾਂ ਲਈ ਸੰਨਿਆਸ ਲੈਣ ਵਿੱਚ ਦੇਰੀ ਕਰ ਦਿੱਤੀ ਸੀ। ਸਚਿਨ ਨੇ ਆਪਣਾ 100ਵਾਂ ਕੌਮਾਂਤਰੀ ਸੈਂਕੜਾ ਬਣਾਉਣ ਲਈ 370 ਮੈਚ ਅਤੇ 33 ਪਾਰੀਆਂ ਦਾ ਇੰਤਜ਼ਾਰ ਕੀਤਾ ਸੀ।
ਧੋਨੀ ਦੀ ਅਗਵਾਈ ਵਿੱਚ ਭਾਰਤ ਨੇ 2007 ਵਿੱਚ ICC T-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ ਅਤੇ ਉਸ ਦੀ ਹੀ ਕਪਤਾਨੀ ਵਿੱਚ ਫ਼ਿਰ ਭਾਰਤ ਨੇ ਵਨ ਡੇ ਵਿਸ਼ਵ ਕੱਪ ਦੂਜੀ ਵਾਰ ਆਪਣੇ ਨਾਂ ਕੀਤਾ। 2013 ਵਿੱਚ ਧੋਨੀ ਦੀ ਕਪਤਾਨੀ ਵਿੱਚ ਭਾਰਤ ICC ਚੈਂਪੀਅਨਜ਼ ਟਰੌਫ਼ੀ ਵਿੱਚ ਚੈਂਪੀਅਨ ਬਣਿਆ ਸੀ ਅਤੇ ਉਸ ਦੀ ਕਪਤਾਨੀ ਵਿੱਚ ਹੀ ਭਾਰਤ 18 ਮਹੀਨੇ ਟੈੱਸਟ ਰੈਂਕਿੰਗ ਵਿੱਚ ਨੰਬਰ ਇੱਕ ‘ਤੇ ਰਿਹਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਧੋਨੀ ਨੂੰ ਕਪਿਲ ਦੇਵ ਅਤੇ ਸਚਿਨ ਦੀ ਤਰ੍ਹਾਂ ਗ਼ਲਤੀ ਨਾ ਕਰਦੇ ਹੋਏ ਸਹੀ ਸਮੇਂ ‘ਤੇ ਹੀ ਸੰਨਿਆਸ ਦਾ ਐਲਾਨ ਕਰ ਦੇਣਾ ਚਾਹੀਦਾ ਹੈ।