ਸਾਊਥਹੈਂਪਟਨ – ਕ੍ਰਿਕਟ ‘ਚ ਪੁਰਾਣੀ ਕਹਾਵਤ ਹੈ ਲਪਕੋ ਕੈਚ-ਜਿੱਤੋ ਮੈਚ ਅਤੇ ਟੀਮ ਇੰਡੀਆ ਇਸ ਕਹਾਵਤ ‘ਤੇ ਅਮਲ ਕਰਦੇ ਹੋਏ ਟੂਰਨਮੈਂਟ ‘ਚ ਹੁਣ ਤਕ ਅਜਿੱਤ ਬਣੀ ਹੋਈ ਹੈ। ਉਥੇ ਹੀ ਦੂਜੇ ਪਾਸੇ ਭਾਰਤ ਦੀ ਪੁਰਾਣੀ ਵਿਰੋਧੀ ਟੀਮ ਪਾਕਿਸਤਾਨ ਇਸ ਮਾਮਲੇ ‘ਚ ਵੀ ਫ਼ਾਡੀ ਸਾਬਿਤ ਹੋ ਰਹੀ ਹੈ।
ਭਾਰਤ ਨੇ ਹੁਣ ਤਕ ਟੂਰਨਮੈਂਟ ‘ਚ ਸਭ ਤੋਂ ਘੱਟ ਇੱਕ ਹੀ ਕੈਚ ਛੱਡਿਆ ਹੈ, ਅਤੇ ਉਥੇ ਪਾਕਿਸਤਾਨ ਨੇ ਸਭ ਤੋਂ ਜ਼ਿਆਦਾ 14 ਕੈਚ ਛੱਡੇ ਹਨ। ਇੰਨੇ ਜ਼ਿਆਦਾ ਕੈਚ ਛੱਡਣ ਦਾ ਅਸਰ ਪਾਕਿਸਤਾਨ ਦੇ ਸਫ਼ਰ ‘ਤੇ ਵੀ ਪਿਆ ਹੈ, ਜਿੱਥੇ ਉਸ ਨੇ ਹੁਣ ਤਕ ਛੇ ‘ਚੋਂ ਸਿਰਫ਼ ਦੋ ਮੈਚ ਹੀ ਜਿੱਤੇ ਹਨ ਜਦ ਕਿ ਭਾਰਤ ਨੇ ਪੰਜ ‘ਚੋਂ ਚਾਰ ਮੈਚ ਆਪਣੇ ਨਾਂ ਕੀਤੇ ਹਨ। ਉਸ ਦਾ ਇੱਕ ਮੈਚ ਨਿਊ ਜੀਲੈਂਡ ਦੇ ਖ਼ਿਲਾਫ਼ ਮੀਂਹ ਕਾਰਨ ਰੱਦ ਹੋ ਗਿਆ ਸੀ।

ਅਜਿਹੇ ‘ਚ ਖੇਡ ਦੇ ਇਸ ਵਿਭਾਗ ‘ਚ ਉਨ੍ਹਾਂ ਦਾ ਫ਼ਾਡੀ ਹੋਣਾ ਹੈਰਾਨੀ ਦੀ ਗੱਲ ਨਹੀਂ, ਪਰ ਜੇਕਰ ਆਪਣੀ ਦਮਦਾਰ ਫ਼ੀਲਡਿੰਗ ਲਈ ਮਸ਼ਹੂਰ ਇੰਗਲੈਂਡ, ਨਿਊ ਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵਰਗੀਆਂ ਟੀਮਾਂ ਇਸ ਲਿਸਟ ‘ਚ ਪਾਕਿਸਤਾਨ ਦੇ ਕਰੀਬ ਹਨ ਤਾਂ ਇਹ ਸਹੀ ‘ਚ ਹੈਰਾਨ ਕਰਨ ਵਾਲੀ ਸਚਾਈ ਹੈ।
ਇੰਗਲੈਂਡ ਦੀ ਟੀਮ ਨੇ ਟੂਰਨਮੈਂਟ ‘ਚ ਹੁਣ ਤਕ 12 ਕੈਚ ਛੱਡੇ ਹਨ ਅਤੇ ਉਹ ਸਭ ਤੋਂ ਜ਼ਿਆਦਾ ਕੈਚ ਛੱਡਣ ਦੇ ਮਾਮਲੇ ‘ਚ ਪਾਕਿਸਤਾਨ ਤੋਂ ਬਾਅਦ ਇਸ ਲਿਸਟ ‘ਚ ਦੂੱਜੇ ਨੰਬਰ ‘ਤੇ ਹੈ। ਜਦ ਕਿ ਨਿਊ ਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਦਾ ਨੌਂ ਅਤੇ ਅੱਠ ਕੈਚਾਂ ਨਾਲ ਇੰਗਲੈਂਡ ਤੋਂ ਬਾਅਦ ਨੰਬਰ ਆਉਂਦੈ।
ਭਾਰਤ ਤੋਂ ਬਾਅਦ ਸਭ ਤੋਂ ਘੱਟ ਕੈਚ ਛੱਡਣ ਵਾਲੀ ਟੀਮ ਅਫ਼ਗ਼ਾਨਿਸਤਾਨ ਦੀ ਹੀ ਹੈ। ਇਸ ਟੀਮ ਨੇ ਅਜੇ ਤਕ ਸਿਰਫ਼ ਦੋ ਹੀ ਕੈਚ ਛੱਡੇ ਹਨ। ਉੱਥੇ ਹੀ ਸ਼੍ਰੀਲੰਕਾ ਨੇ ਤਿੰਨ, ਬੰਗਲਾਦੇਸ਼ ਅਤੇ ਆਸਟਰੇਲੀਆ ਨੇ ਚਾਰ ਅਤੇ ਵੈੱਸਟ ਇੰਡੀਜ਼ ਨੇ ਛੇ ਕੈਚ ਛੱਡੇ ਹਨ।