ਭੋਪਾਲ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਗਊ ਰੱਖਿਆ ਵਾਲੇ ਕਾਨੂੰਨ (ਮੱਧ ਪ੍ਰਦੇਸ਼ ਗਊਵੰਸ਼ ਹੱਤਿਆ ਐਕਟ-2004) ‘ਚ ਸੋਧ ਕਰਨ ਜਾ ਰਹੀ ਹੈ। ਇਸ ਲਈ ਸਰਕਾਰ ਨੇ ਬਕਾਇਦਾ ਇਕ ਪ੍ਰਸਤਾਵ ਵੀ ਤਿਆਰ ਕੀਤਾ ਹੈ। ਇਸ ਪ੍ਰਸਤਾਵ ਮੁਤਾਬਕ ਇਸ ਕਾਨੂੰਨ ‘ਚ ਸੋਧ ਕਰ ਕੇ ਗਊ ਰੱਖਿਆ ਦੇ ਨਾਮ ‘ਤੇ ਹਿੰਸਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਵਿਵਸਥਾ ਨੂੰ ਜੋੜਿਆ ਜਾਵੇਗਾ, ਜਿਸ ਵਿਚ 5 ਸਾਲ ਤਕ ਦੀ ਜੇਲ ਦੀ ਸਜ਼ਾ ਹੋਵੇਗੀ। ਦਰਅਸਲ ਮੱਧ ਪ੍ਰਦੇਸ਼ ਵਿਚ ਗਊ ਹੱਤਿਆ ਰੋਕਣ ਲਈ ਐਕਟ 2004 ਬਣਾਇਆ ਗਿਆ ਸੀ। ਇਸ ਐਕਟ ਵਿਚ ਹੁਣ ਕਮਲਨਾਥ ਸਰਕਾਰ ਸੋਧ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਸਤਾਵ ਕੈਬਨਿਟ ਵਿਚ ਰੱਖਿਆ ਜਾਵੇਗਾ। ਓਧਰ ਸੂਬੇ ਦੇ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਲਖਨ ਸਿੰਘ ਯਾਦਵ ਨੇ ਦੱਸਿਆ ਕਿ ਐਕਟ ਵਿਚ ਸੋਧ ਦਾ ਪ੍ਰਸਤਾਵ ਤਿਆਰ ਹੈ। ਹੁਣ ਇਸ ਨੂੰ ਮਾਨਸੂਨ ਸੈਸ਼ਨ ਦੀ ਕੈਬਨਿਟ ਵਿਚ ਰੱਖੇ ਜਾਣ ਦੀ ਤਿਆਰੀ ਹੈ। ਇਹ ਸੈਸ਼ਨ 8 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਨਵੇਂ ਪ੍ਰਸਤਾਵ ‘ਚ ਗਊ ਰੱਖਿਆ ਦੇ ਨਾਮ ‘ਤੇ ਹਿੰਸਾ ਕਰਨ ਵਾਲੇ ਗਊ ਰੱਖਿਅਕਾਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕੇਗੀ। ਹਿੰਸਕ ਗਊ ਰੱਖਿਅਕਾਂ ਨੂੰ ਵੀ 6 ਮਹੀਨੇ ਤੋਂ ਲੈ ਕੇ 3 ਸਾਲ ਤਕ ਦੀ ਜੇਲ ਹੋ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਉੱਪਰ 25 ਤੋਂ 50 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਨਵੇਂ ਪ੍ਰਸਤਾਵ ਮੁਤਾਬਕ ਜੇਕਰ ਗਊ ਰੱਖਿਆ ਦੇ ਨਾਮ ‘ਤੇ ਗਊ ਰੱਖਿਅਕ ਹਿੰਸਾ ਕਰਦੇ ਹਨ ਅਤੇ ਇਸ ਵਿਚ ਭੀੜ ਸ਼ਾਮਲ ਹੁੰਦੀ ਹੈ ਤਾਂ ਅਜਿਹੇ ਮਾਮਲਿਆਂ ਵਿਚ ਸਜ਼ਾ ਵੱਡੀ ਹੋਵੇਗੀ। ਇਸ ਤਰ੍ਹਾਂ ਦੇ ਕੇਸ ਵਿਚ ਹਿੰਸਾ ਕਰਨ ਵਾਲਿਆਂ ਲਈ ਇਕ ਸਾਲ ਤੋਂ ਲੈ ਕੇ 5 ਸਾਲ ਤਕ ਦੀ ਸਜ਼ਾ ਦੀ ਵਿਵਸਥਾ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਵਾਰ-ਵਾਰ ਅਜਿਹਾ ਅਪਰਾਧ ਕਰਨ ਵਾਲਿਆਂ ਨੂੰ ਦੋਗੁਣੀ ਸਜ਼ਾ ਹੋਵੇਗੀ ਯਾਨੀ ਕਿ 10 ਸਾਲ ਦੀ ਜੇਲ ਕੱਟਣੀ ਪੈ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਵਨੀ ਜ਼ਿਲੇ ਵਿਚ ਪਿਛਲੇ ਮਹੀਨੇ ਗਊ ਮਾਸ ਲੈ ਜਾਣ ਦੇ ਸ਼ੱਕ ਵਿਚ ਇਕ ਮੁਸਲਿਮ ਮਹਿਲਾ ਅਤੇ ਪੁਰਸ਼ ਨੂੰ ਪਰੇਸ਼ਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਇਸ ਤਰ੍ਹਾਂ ਦੇ ਮਾਮਲਿਆਂ ‘ਤੇ ਲਗਾਮ ਲਾਉਣ ਲਈ ਇਹ ਸੋਧ ਕਰ ਰਹੀ ਹੈ।