ਫ਼ਿਲਮੀ ਸਿਤਾਰਿਆਂ ਦਾ ਗੁੱਸਾ ਅਕਸਰ ਸੁਰਖ਼ੀਆਂ ਬਣਦਾ ਰਹਿੰਦਾ ਹੈ। ਸਹਿਕਰਮੀਆਂ ਅਤੇ ਪ੍ਰਸ਼ੰਸਕਾਂ ਦੇ ਨਾਲ ਨਾਲ ਮੀਡੀਆ ਕਰਮੀਆਂ ਨੂੰ ਵੀ ਇਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬੌਲੀਵੁਡ ਵਿੱਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੇ ਝਗੜਾਲੂ ਸੁਭਾਅ ਤੋਂ ਸਾਰੇ ਜਾਣੂ ਹਨ। ਦੂਜੇ ਪਾਸੇ ਅਜਿਹੇ ਵੀ ਹਨ ਜਿਨ੍ਹਾਂ ਦੇ ਦਿਮਾਗ਼ ਨੂੰ ਸਫ਼ਲਤਾ ਨਹੀਂ ਚੜ੍ਹੀ, ਅਤੇ ਉਹ ਹਰ ਇੱਕ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਹਨ।
ਕਮੀਆਂ ਹਰ ਇੱਕ ਵਿੱਚ ਹੁੰਦੀਆਂ ਹਨ। ਜੇਕਰ ਤੁਹਾਡਾ ਵਿਵਹਾਰ ਚੰਗਾ ਹੈ ਤਾਂ ਤੁਹਾਡੀਆਂ ਕੁੱਝ ਕਮੀਆਂ ਨਜ਼ਰਅੰਦਾਜ਼ ਕਰ ਦਿੱਤੀਆਂ ਜਾਂਦੀਆਂ ਹਨ। ਪੁਰਾਣੇ ਦੌਰ ਦੇ ਕਈ ਸਿਤਾਰੇ ਆਪਣੇ ਇਸੇ ਹਥਿਆਰ ਨਾਲ ਆਪਣੀਆਂ ਗ਼ਲਤੀਆਂ ਨੂੰ ਛੁਪਾ ਲੈਂਦੇ ਸਨ, ਪਰ ਅੱਜ ਸ਼ਾਹਿਦ ਕਪੂਰ, ਕਰੀਨਾ ਕਪੂਰ, ਅਰਜੁਨ ਕਪੂਰ, ਰਣਵੀਰ ਸਿੰਘ, ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ, ਅਭਿਸ਼ੇਕ ਬੱਚਨ, ਅਰਜੁਨ ਰਾਮਪਾਲ, ਕੰਗਨਾ ਰਨੌਤ, ਕੈਟਰੀਨਾ ਕੈਫ਼, ਆਦਿ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੇ ਨਿੰਦਣਯੋਗ ਵਿਵਹਾਰ ਦੇ ਕਿੱਸੇ ਬਹੁਤ ਮਸ਼ਹੂਰ ਹਨ।
ਰਣਵੀਰ ਕਪੂਰ
ਇਸ ਮਾਮਲੇ ਵਿੱਚ ਰਣਬੀਰ ਕਪੂਰ ਦਾ ਕੋਈ ਜਵਾਬ ਹੀ ਨਹੀਂ। ਅਕਸਰ ਹੀ ਉਸ ਦੀ ਬਦਤਮੀਜ਼ੀ ਦੇ ਕਿੱਸੇ ਸੁਣਨ ਨੂੰ ਮਿਲਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਤਾਂ ਉਸ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਹੈ। ਕੁੱਝ ਦਿਨ ਪਹਿਲਾਂ ਉਸ ਨੇ ਆਲੀਆ ਭੱਟ ਦੇ ਇੱਕ ਕਰਮਚਾਰੀ ਨਾਲ ਝਗੜਾ ਕਰ ਲਿਆ। ਉਸ ਦੀਆਂ ਪ੍ਰੇਮਿਕਾਵਾਂ ਦੀ ਸੂਚੀ ਵੀ ਕਾਫ਼ੀ ਲੰਬੀ ਹੈ। ਉਸ ਦੀ ਪੰਜਵੀਂ ਪ੍ਰੇਮਿਕਾ ਆਲੀਆ ਭੱਟ ਦੀ ਜਦੋਂ ਕੋਈ ਪ੍ਰੈੱਸ ਫ਼ੋਟੋਗ੍ਰਾਫ਼ਰ ਫ਼ੋਟੋ ਖਿੱਚਣੀ ਚਾਹੁੰਦਾ ਹੈ ਤਾਂ ਉਸ ਦੀ ਖ਼ੈਰ ਨਹੀਂ ਹੁੰਦੀ। ਉਹ ਉਸ ਦਾ ਕੈਮਰਾ ਤਕ ਖੋਹ ਲੈਂਦਾ ਹੈ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ।
ਅਜਿਹੇ ਮਾਹੌਲ ਵਿੱਚ ਪੁਰਾਣੇ ਸਿਤਾਰਿਆਂ ਦਾ ਨਿਮਰ ਵਿਵਹਾਰ ਬਹੁਤ ਕੁੱਝ ਸੋਚਣ ਲਈ ਮਜਬੂਰ ਕਰਦਾ ਹੈ। ਰਣਬੀਰ ਕਪੂਰ ਦੀ ਇਸ ਆਦਤ ‘ਤੇ ਉਸ ਦੇ ਦਾਦਾ ਜੀ ਰਾਜ ਕਪੂਰ ਦੀ ਯਾਦ ਆ ਜਾਂਦੀ ਹੈ। ਕਈ ਵਾਰ ਅਜਿਹਾ ਹੋਇਆ ਕਿ ਜਦੋਂ ਫ਼ੋਟੋਗ੍ਰਾਫ਼ਰ ਉਸ ਦੀ ਗੱਡੀ ਦਾ ਪਿੱਛਾ ਕਰਦੇ ਸਨ ਤਾਂ ਉਹ ਝੱਟ ਗੱਡੀ ਤੋਂ ਉਤਰ ਕੇ ਆਰਾਮ ਨਾਲ ਫ਼ੋਟੋਆਂ ਖਿਚਵਾਉਂਦਾ ਸੀ।
ਧਰਮਿੰਦਰ ਅਤੇ ਸਨੀ ਦਿਓਲ
ਅਭਿਨੇਤਾ ਧਰਮਿੰਦਰ ਸ਼ਰਾਬ ਦਾ ਬਹੁਤ ਸ਼ੌਕੀਨ ਹੈ, ਪਰ ਨਸ਼ੇ ਵਿੱਚ ਵੀ ਉਸ ਨੇ ਕਿਸੇ ਨਾਲ ਦੁਰਵਿਵਹਾਰ ਨਹੀਂ ਕੀਤਾ। ਜੇਕਰ ਕਦੇ ਕਰ ਵੀ ਦਿੰਦਾ ਤਾਂ ਦੂਜੇ ਦਿਨ ਸਬੰਧਿਤ ਪੱਖ ਦੇ ਗਲ ਨਾਲ ਲੱਗ ਕੇ ਸਾਰੇ ਸ਼ਿਕਵੇ ਦੂਰ ਕਰ ਦਿੰਦਾ ਸੀ। ਫ਼ੋਟੋਗ੍ਰਾਫ਼ਰਾਂ ਪ੍ਰਤੀ ਉਹ ਹਮੇਸ਼ਾਂ ਹੀ ਉਦਾਰ ਰਿਹਾ ਹੈ। ਬੇਤਾਬ ਫ਼ਿਲਮ ਹਿੱਟ ਹੋਣ ਤੋਂ ਬਾਅਦ ਫ਼ੋਟੋਗ੍ਰਾਫ਼ਰਾਂ ਨੇ ਉਸ ਦੇ ਪੁੱਤਰ ਸਨੀ ਦਿਓਲ ਨੂੰ ਘੇਰ ਲਿਆ, ਪਰ ਗੁੱਸੇ ਵਿੱਚ ਆ ਕੇ ਸਨੀ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ। ਸੰਜੋਗ ਨਾਲ ਉਸ ਸਮਾਗਮ ਵਿੱਚ ਧਰਮਿੰਦਰ ਵੀ ਮੌਜੂਦ ਸੀ।
ਉਸ ਨੇ ਫ਼ੋਟੋਗ੍ਰਾਫ਼ਰਾਂ ਨੂੰ ਸ਼ਾਂਤ ਕੀਤਾ ਅਤੇ ਖ਼ੁਦ ਸਨੀ ਨੂੰ ਉਨ੍ਹਾਂ ਅੱਗੇ ਲੈ ਕੇ ਆਇਆ ਅਤੇ ਫ਼ੋਟੋਆਂ ਖਿਚਵਾਈਆਂ। ਇੰਨਾ ਹੀ ਨਹੀਂ ਉਸ ਨੇ ਸਭ ਦੇ ਸਾਹਮਣੇ ਸਨੀ ਨੂੰ ਡਾਂਟਦਿਆਂ ਕਿਹਾ, ”ਇਨ੍ਹਾਂ ਲੋਕਾਂ ਨੂੰ ਹਮੇਸ਼ਾਂ ਗਲ ਨਾਲ ਲਗਾ ਕੇ ਰੱਖਣਾ ਚਾਹੀਦਾ ਹੈ, ਇਹੀ ਉਹ ਲੋਕ ਹਨ ਜੋ ਸਾਨੂੰ ਸਟਾਰ ਬਣਾਉਂਦੇ ਹਨ। ਸਾਡੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਖਿੱਚਦੇ ਹਨ।”
ਅੱਜ ਦੇ ਸਿਤਾਰੇ ਪਤਾ ਨਹੀਂ ਇੰਨੇ ਘੁਮੰਡੀ ਕਿਉਂ ਹਨ ਕਿ ਘਰੇਲੂ ਕਰਮਚਾਰੀਆਂ ਨੂੰ ਵੀ ਨਹੀਂ ਬਖ਼ਸ਼ਦੇ। ਅਭਿਸ਼ੇਕ, ਕੈਟਰੀਨਾ, ਜੂਹੀ ਚਾਵਲਾ ਆਦਿ ਕਈ ਸਿਤਾਰਿਆਂ ਦੇ ਆਪਣੇ ਨਿੱਜੀ ਕਰਮਚਾਰੀਆਂ ਨਾਲ ਖ਼ਰਾਬ ਵਿਵਹਾਰ ਦੇ ਬਹੁਤ ਕਿੱਸੇ ਹਨ। ਅਜਿਹੇ ਵਿੱਚ ਕਰਮਚਾਰੀਆਂ ਦੀ ਨਿਯੁਕਤੀ ਕਰਨ ਵਾਲੀਆਂ ਏਜੰਸੀਆਂ ਨੇ ਵੀ ਸ਼ਰੇਆਮ ਦੋਸ਼ ਲਗਾਏ ਹਨ ਕਿ ਕਈ ਸਿਤਾਰਿਆਂ ਦਾ ਵਿਵਹਾਰ ਆਪਣੇ ਨਿੱਜੀ ਕਰਮਚਾਰੀਆਂ ਨਾਲ ਬਹੁਤ ਹੀ ਮਾੜਾ ਹੁੰਦਾ ਹੈ। ਅਜਿਹੀ ਹੀ ਇੱਕ ਏਜੰਸੀ ਦੇ ਮੁਖੀ ਨੇ ਦੱਸਿਆ, ”ਕਈ ਸਿਤਾਰੇ ਤਾਂ ਆਪਣੇ ਸੁਰੱਖਿਆ ਕਰਮਚਾਰੀ ਨਾਲ ਵੀ ਪੰਗਾ ਲੈ ਲੈਂਦੇ ਹਨ। ਉਹ ਇਨ੍ਹਾਂ ਦੀ ਤਨਖ਼ਾਹ ਵੀ ਰੋਕ ਲੈਂਦੇ ਹਨ, ਫ਼ਿਰ ਸਾਨੂੰ ਵਿੱਚ ਆ ਕੇ ਨਿਪਟਾਰਾ ਕਰਾਉਣਾ ਪੈਂਦਾ ਹੈ। ਇੱਕ ਸਟਾਰ ਤਾਂ ਆਪਣੀ ਘਰੇਲੂ ਬਾਈ ਨੂੰ ਰੋਜ਼ਾਨਾ ਚਾਹ ਨਾਲ ਬਰੈੱਡ ਹੀ ਖਾਣ ਨੂੰ ਦਿੰਦੀ ਸੀ। ਫ਼ਿਰ ਅਸੀਂ ਉਸ ਨੂੰ ਦੂਜੀ ਥਾਂ ‘ਤੇ ਲਗਵਾਇਆ।”
ਕੈਟਰੀਨਾ ਕੈਫ਼
ਕਈ ਤਾਂ ਭੱਦੀਆਂ ਗਾਲ੍ਹਾਂ ਤਕ ਦੇ ਦਿੰਦੇ ਹਨ। ਇਨ੍ਹਾਂ ਵਿੱਚ ਸੰਜੇ ਲੀਲਾ ਭੰਸਾਲੀ, ਰੋਹਿਤ ਸ਼ੈਟੀ ਅਤੇ ਕੈਟਰੀਨਾ ਕੈਫ਼ ਸ਼ਾਮਿਲ ਹਨ। ਇਹ ਖ਼ੂਬ ਗਾਲ੍ਹਾਂ ਕੱਢਦੇ ਹਨ। ਕੈਟਰੀਨਾ ਅਕਸਰ ਅੰਗਰੇਜ਼ੀ ਵਿੱਚ ਬਹੁਤ ਗਾਲ੍ਹਾਂ ਕੱਢਦੀ ਹੈ। ਜਦੋਂ ਉਸ ਦਾ ਰਣਬੀਰ ਕਪੂਰ ਨਾਲ ਪਿਆਰ ਸਿਖਰ ‘ਤੇ ਸੀ ਤਾਂ ਇੱਕ ਫ਼ੋਟੋਗ੍ਰਾਫ਼ਰ ਨੇ ਉਨ੍ਹਾਂ ਦੋਹਾਂ ਦੀ ਤਸਵੀਰ ਲੈਣੀ ਚਾਹੀ। ਓਦੋਂ ਰਣਬੀਰ ਦੇ ਨਾਲ ਹੀ ਕੈਟਰੀਨਾ ਨੇ ਵੀ ਬਹੁਤ ਗਾਲ੍ਹਾਂ ਕੱਢੀਆਂ। ਕੈਟਰੀਨਾ ਨੇ ਤਾਂ ਆਪਣੇ ਡਰਾਈਵਰ ਨੂੰ ਵੀ ਨਹੀਂ ਬਖ਼ਸ਼ਿਆ। ਹਾਲ ਹੀ ਵਿੱਚ ਜਦੋਂ ਉਹ ਅਭਿਨੇਤਾ ਵਿਕੀ ਕੌਸ਼ਲ ਨਾਲ ਸੀ ਤਾਂ ਫ਼ੋਟੋਗ੍ਰਾਫ਼ਰਾਂ ਨੇ ਫ਼ੋਟੋ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਅੰਦਾਜ਼ ਵਿੱਚ ਆ ਗਈ। ਫ਼ਿਰ ਵਿਕੀ ਕੌਸ਼ਲ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕੀਤਾ ਅਤੇ ਇਕੱਲੇ ਨੇ ਹੀ ਫ਼ੋਟੋਆਂ ਖਿਚਵਾਈਆਂ।
ਰਣਬੀਰ ਸਿੰਘ
ਰਣਵੀਰ ਸਿੰਘ ਦਾ ਗੁੱਸਾ ਵੀ ਕਿਸੇ ਤੋਂ ਛੁਪਿਆ ਨਹੀਂ। ਕੁੱਝ ਸਮਾਂ ਪਹਿਲਾਂ ਉਸ ਨੇ ਇੱਕ ਪੱਤਰਕਾਰ ਅਤੇ ਫ਼ੋਟੋਗ੍ਰਾਫ਼ਰ ਨੂੰ ਸਪੱਸ਼ਟ ਕਿਹਾ, ”ਮੈਂ ਜਨਤਕ ਥਾਵਾਂ ‘ਤੇ ਜੋ ਇੱਛਾ ਹੋਈ ਕਰਾਂਗਾ। ਜੇਕਰ ਤੁਸੀਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ਭੁਗਤਣਾ ਪਊ।” ਜਿੱਥੇ ਪ੍ਰਚਾਰ ਦੀ ਲੋੜ ਹੁੰਦੀ ਹੈ, ਉੱਥੇ ਉਹ ਅੱਗੇ ਹੋ ਕੇ ਫ਼ੋਟੋਆਂ ਖਿਚਵਾਉਂਦਾ ਹੈ, ਪਰ ਜਦੋਂ ਫ਼ੋਟੋਗ੍ਰਾਫ਼ ਰਾਂ ਨੂੰ ਉਸਦੀ ਫ਼ੋਟੋ ਦੀ ਲੋੜ ਹੁੰਦੀ ਹੈ ਤਾਂ ਉਹ ਬਦਤਮੀਜ਼ੀ ‘ਤੇ ਉਤਰ ਆਉਂਦਾ ਹੈ।
ਸੋਨਕਾਸ਼ੀ ਸਿਨਹਾ
ਆਪਣੇ ਕਰੀਅਰ ਦੇ ਮਾੜੇ ਦੌਰ ਵਿਚੋਂ ਲੰਘ ਰਹੀ ਸੋਨਾਕਸ਼ੀ ਸਿਨਹਾ ਕਾਫ਼ੀ ਪਰੇਸ਼ਾਨ ਹੈ। ਸਾਲ 2015 ਵਿੱਚ AIB ਰੋਸਟ ਪ੍ਰੋਗਰਾਮ ‘ਤੇ ਲੱਗੇ ਅਸ਼ਲੀਲਤਾ ਦੇ ਦੋਸ਼ ਵਿੱਚ ਅਭਿਨੇਤਰੀ ਆਲੀਆ ਭੱਟ ਖ਼ਿਲਾਫ਼ ਪੁਲੀਸ ਸ਼ਿਕਾਇਤ ਕਰਾਈ ਗਈ ਸੀ। ਓਦੋਂ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਨੇ ਕਿਹਾ ਸੀ ਕਿ ਸ਼ਤਰੁਘਨ ਸਿਨਹਾ ਦੀ ਰਾਜਨੀਤਕ ਪਹੁੰਚ ਕਾਰਨ ਉਸ ਦੀ ਬੇਟੀ ਸੋਨਾਕਸ਼ੀ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਖ਼ੁਦ ਸੋਨਾਕਸ਼ੀ ਵੀ ਹਮੇਸ਼ਾਂ ਇਸ ਹੰਕਾਰ ਵਿੱਚ ਰਹਿੰਦੀ ਹੈ ਕਿ ਮੀਡੀਆ ਉਸ ਖ਼ਿਲਾਫ਼ ਲਿਖਣ ਦੀ ਹਿੰਮਤ ਨਹੀਂ ਕਰ ਸਕਦਾ। ਜੋ ਲਿਖਦਾ ਹੈ, ਉਸ ਨੂੰ ਉਹ ਆਪਣੇ ਸੈੱਟ ਤੋਂ ਬਾਹਰ ਕੱਢਵਾ ਦਿੰਦੀ ਹੈ।
ਦੀਪਿਕਾ ਪਾਦੂਕੋਣ
ਨੰਬਰ ਇੱਕ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਮੀਡੀਆ ਨਾਲ ਵਿਵਹਾਰ ਬਹੁਤ ਖ਼ਰਾਬ ਹੁੰਦਾ ਹੈ। ਅਕਸਰ ਹੀ ਉਹ ਕਿਸੇ ਨਾ ਕਿਸੇ ਮੀਡੀਆ ਗਰੁੱਪ ਨਾਲ ਝਗੜਾ ਕਰ ਲੈਂਦੀ ਹੈ। ਅਭਿਨੇਤਰੀ ਸੋਨਮ ਨੇ ਉਸ ਦੇ ਅਜਿਹੇ ਵਿਵਹਾਰ ਦਾ ਕਈ ਵਾਰ ਮਜ਼ਾਕ ਵੀ ਉਡਾਇਆ ਹੈ। ਹੁਣ ਇਹ ਅਲੱਗ ਗੱਲ ਹੈ ਕਿ ਸੋਨਮ ਵੀ ਆਪਣੀ ਬਦਤਮੀਜ਼ੀ ਲਈ ਕਾਫ਼ੀ ਮਸ਼ਹੂਰ ਹੈ। ਉਸ ਦਾ ਕਹਿਣਾ ਹੈ, ”ਆਪਣੇ ਆਪ ਦਾ ਆਦਰ ਕਰਨ ਤੋਂ ਬਾਅਦ ਹੀ ਦੂਜਿਆਂ ਤੋਂ ਇਸ ਦੀ ਉਮੀਦ ਕੀਤੀ ਜਾ ਸਕਦੀ ਹੈ। ਬਾਕੀ ਤੁਸੀਂ ਸਮਝ ਹੀ ਲਓ।”
ਕੰਗਨਾ ਰਨੌਤ
ਕੰਗਨਾ ਰਣੌਤ ਨਾਲ ਡਰਾਮੇਬਾਜ਼ ਕੰਗਨਾ ਦਾ ਖ਼ਿਤਾਬ ਪੂਰੀ ਤਰ੍ਹਾਂ ਜੁੜ ਚੁੱਕਿਆ ਹੈ। ਦੀਪਿਕਾ, ਰਿਤਿਕ ਰੌਸ਼ਨ, ਕਰਨ ਜੌਹਰ, ਸ਼ਾਹਿਦ ਕਪੂਰ, ਆਦਿ ਨਾਲ ਹੋਏ ਉਸ ਦੇ ਮਤਭੇਦਾਂ ਦਾ ਕੋਈ ਅੰਤ ਨਹੀਂ। ਇਸ ਝਗੜੇ ਨੂੰ ਸੁਲਝਾਉਣ ਲਈ ਜਦੋਂ ਵੀ ਕੋਈ ਉਸ ਦੇ ਵਿਰੋਧੀ ਗੁੱਟ ਦਾ ਫ਼ਿਲਮ ਵਾਲਾ ਉਸ ਦੀ ਤਾਰੀਫ਼ ਕਰਦਾ ਹੈ ਤਾਂ ਉਹ ਉਸ ਨੂੰ ਸਹਿਜ ਨਹੀਂ ਲੈਂਦੀ ਬਲਕਿ ਉਸ ਦੀ ਸੁਰ ਵਿਅੰਗਾਤਮਕ ਹੁੰਦੀ ਹੈ, ”ਜੇਕਰ ਤੁਹਾਨੂੰ ਮੇਰਾ ਕੰਮ ਚੰਗਾ ਲੱਗਿਐ ਤਾਂ ਸਿੱਧਾ ਇੱਕ ਮੈਸੇਜ ਕਰ ਕੇ ਵੀ ਦੱਸ ਸਕਦੇ ਹੋ। ਅਜਿਹਾ ਤੁਸੀਂ ਕਰ ਨਹੀਂ ਸਕਦੇ। ਯਾਨੀ ਇਸ ਵਿੱਚ ਵੀ ਤੁਹਾਨੂੰ ਪਬਲੀਸਿਟੀ ਚਾਹੀਦੀ ਹੈ। ਲੋਕਾਂ ਨੂੰ ਅਜਿਹਾ ਦਿਖਾਉਣ ਵਾਲਾ ਨਾਟਕ ਕਰਨ ਦੀ ਕੀ ਜ਼ਰੂਰਤ ਹੈ।” ਇਸੇ ਕਾਰਨ ਉਸ ਦੀ ਬਹੁਤੇ ਸਿਤਾਰਿਆਂ ਨਾਲ ਬੋਲਚਾਲ ਅਕਸਰ ਬੰਦ ਹੀ ਰਹਿੰਦੀ ਹੈ।
ਇਸ ਸੂਚੀ ਵਿੱਚ ਕਈ ਵੱਡੇ ਨਾਂ ਹੋਰ ਵੀ ਹਨ। ਸ਼ਾਹਰੁਖ਼ ਖ਼ਾਨ ਵੀ ਘੱਟ ਨਹੀਂ ਹੈ। ਸਲਮਾਨ ਵੀ ਅਕਸਰ ਮੀਡੀਆ ਨਾਲ ਦੋ ਚਾਰ ਹੋ ਜਾਂਦਾ ਹੈ। ਅਜਿਹੇ ਵਿੱਚ ਕਹਿ ਸਕਦੇ ਹਾਂ ਕਿ ਮੀਡੀਆ ਦੀਆਂ ਆਪਣੀਆਂ ਮਜਬੂਰੀਆਂ ਹਨ, ਪਰ ਦੂਜੀ ਤਰਫ਼ ਸਿਤਾਰਿਆਂ ਦਾ ਜ਼ਿੰਮੇਵਾਰ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹ ਵੀ ਠੀਕ ਹੈ ਕਿ ਉਹ ਵੀ ਮਨੁੱਖ ਹਨ, ਪਰ ਨਾਲ ਹੀ ਉਹ ਸੈਲੇਬ੍ਰਿਟੀਜ਼ ਵੀ ਹਨ। ਇਸ ਲਈ ਇੱਥੇ ਬਦਤਮੀਜ਼ੀ ਅਤੇ ਬਦਦਿਮਾਗ਼ੀ ਨਾਲ ਗੱਲ ਨਹੀਂ ਚੱਲੇਗੀ। ਇਸ ਨਾਲ ਉਨ੍ਹਾਂ ਦਾ ਖ਼ੁਦ ਦਾ ਬਣਾਇਆ ਹੋਇਆ ਅਕਸ ਹੀ ਖ਼ਰਾਬ ਹੋਵੇਗਾ।