ਲੰਡਨ – ਪਾਕਿਸਤਾਨ ਦੇ ਮੁੱਖ ਕੋਚ ਮਿਕੀ ਆਰਥਰ ਨੇ ਕਿਹਾ ਕਿ ਵਰਲਡ ਕੱਪ ਦੇ ਇਤਿਹਾਸ ਦੀ ਲਗਾਤਾਰ 7ਵੀਂ ਹਾਰ ਤੋਂ ਬਾਅਦ ਹਾਲਾਤ ਬਹੁਤ ਨਿਰਾਸ਼ਾਜਨਕ ਸਨ, ਅਤੇ ਉਹ ਵਿਚਾਲੇ ਹੀ ਮੈਚ ਛੱਡ ਕੇ ਚਲਾ ਗਿਆ ਸੀ। ਮੈਨਚੈਸਟਰ ਵਿੱਚ 16 ਜੂਨ ਨੂੰ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਸੀ। ਇਸ ਨਾਲ ਪਾਕਿ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਗੁੱਸਾ ਪੈਦਾ ਹੋ ਗਿਆ ਸੀ। ਇਸ ਹਾਰ ਨਾਲ ਪਾਕਿਸਤਾਨ ਦੀ ਵਰਲਡ ਕੱਪ ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਸੀ। ਹਾਲਾਂਕਿ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਪਾਕਿਸਤਾਨ ਨੇ ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਫ਼ਿਰ ਜ਼ਿੰਦਾ ਕਰ ਲਿਆ ਹੈ।
ਕੋਚ ਮਿਕੀ ਆਰਥਰ ਨੇ ਸਵੀਕਾਰ ਕੀਤਾ ਕਿ ਭਾਰਤ ਖ਼ਿਲਾਫ਼ ਹਾਰ ਨੇ ਉਸ ਨੂੰ ਬੁਰੀ ਤਰ੍ਹਾਂ ਨਿਰਾਸ਼ ਕਰ ਦਿੱਤਾ ਸੀ। ਉਸ ਨੇ ਕਿਹਾ, ”ਪਿਛਲੇ ਐਤਵਾਰ ਨੂੰ ਮੈਂ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ, ਪਰ ਮੈਂ ਜਾਣਦਾ ਸੀ ਕਿ ਇਹ ਸਿਰਫ਼ ਇੱਕ ਖ਼ਰਾਬ ਪ੍ਰਦਰਸ਼ਨ ਹੈ। ਇਹ ਸਭ ਇੰਨੀ ਜਲਦੀ ਹੋਇਆ। ਤੁਸੀਂ ਇੱਕ ਮੁਕਾਬਲਾ ਹਾਰਦੇ ਹੋ ਅਤੇ ਉਸ ਤੋਂ ਬਾਅਦ ਦੂਜਾ। ਆਖ਼ਰ ਇਹ ਵਰਲਡ ਕੱਪ ਹੈ। ਮੀਡੀਆ ਇੱਕ ਹਾਰ ਤੋਂ ਬਾਅਦ ਹੀ ਤੁਹਾਨੂੰ ਲੰਬੇ ਹੱਥੀ ਲੈ ਲੈਂਦਾ ਹੈ। ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਪੂਰਾ ਨਾ ਕਰ ਸਕਣ ‘ਤੇ ਤੁਸੀਂ ਬਚਾਅ ਦੀ ਸਥਿਤੀ ‘ਚ ਆ ਜਾਂਦੇ ਹੋ। ਮਿਕੀ ਆਰਥਰ ਦਾ ਭਾਵੁਕ ਕੌਮੈਂਟਸ ਇਹ ਦਸਦੇ ਹਨ ਕਿ ਉਹ ਆਪਣੇ ਕੰਮ ਪ੍ਰਤੀ ਕਿੰਨੇ ਗੰਭੀਰ ਹਨ, ਪਰ ਕੁੱਝ ਪ੍ਰਸ਼ੰਸਕਾਂ ਨੂੰ ਲਗਦਾ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਜਨਮੇ ਹੈਡ ਕੋਚ ਦੇ ਸ਼ਬਦਾਂ ਨੇ ਪਾਕਿਸਤਾਨ ਦੇ ਸਾਬਕਾ ਕੋਚ ਬੌਬ ਵੂਲਮਰ ਦੀ 2007 ਦੇ ਵਰਲਡ ਕੱਪ ਵਿੱਚ ਹੋਈ ਮੌਤ ਦੀ ਯਾਦ ਤਾਜ਼ਾ ਕਰਵਾ ਦਿੱਤੀ।”