1947 ਦੀ ਦੇਸ਼ ਵੰਡ ਹੁਣ ਤਕ ਸਾਹਿਤਕਾਰਾਂ ਅਤੇ ਫ਼ਿਲਮਸਾਜ਼ਾਂ ਦਾ ਪਸੰਦੀਦਾ ਵਿਸ਼ਾ ਬਣੀ ਹੋਈ ਹੈ। ਬੌਲੀਵੁਡ ਵਿੱਚ ਇਸ ਬਾਰੇ ਅਕਸਰ ਫ਼ਿਲਮਾਂ ਦਾ ਨਿਰਮਾਣ ਹੁੰਦਾ ਰਹਿੰਦਾ ਹੈ ਜਿਨ੍ਹਾਂ ਨੂੰ ਅਪਾਰ ਸਫ਼ਲਤਾ ਮਿਲਦੀ ਹੈ। ਭਾਰਤੀ ਅਤੇ ਪਾਕਿਸਤਾਨੀ ਦਰਸ਼ਕਾਂ ਨੂੰ ਵੀ ਇਸ ਵਿਸ਼ੇ ‘ਤੇ ਬਣੀਆਂ ਫ਼ਿਲਮਾਂ ਬਹੁਤ ਭਾਉਂਦੀਆਂ ਹਨ।
ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਬੇਸ਼ੱਕ ਤਲਖ਼ੀ ਦੇਖੀ ਜਾਂਦੀ ਹੈ, ਪਰ ਇਨ੍ਹਾਂ ਦੋ ਦੇਸ਼ਾਂ ਦੇ ਪਿਛੋਕੜ ‘ਤੇ ਬਣੀਆਂ ਫ਼ਿਲਮਾਂ ਦੀ ਸਫ਼ਲਤਾ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਰਹੱਦ ਦੇ ਇਸ ਪਾਰ ਅਤੇ ਉਸ ਪਾਰ ਅਲੱਗ ਅਲੱਗ ਵਿਸ਼ਿਆਂ ‘ਤੇ ਬਣੀਆਂ ਫ਼ਿਲਮਾਂ ਦੋਹੇਂ ਪਾਸੇ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਫ਼ਿਲਮਾਂ ਵਿੱਚ ਵੰਡ ਤੋਂ ਲੈ ਕੇ ਸਰਹੱਦ ਅਤੇ ਜਾਸੂਸੀ ਦੀਆਂ ਕਹਾਣੀਆਂ ਨੂੰ ਦਰਸ਼ਕਾਂ ਵਲੋਂ ਖ਼ੂਬ ਪਿਆਰ ਮਿਲਦਾ ਹੈ। ਗਾਹੇ ਬਗਾਹੇ ਫ਼ਿਲਮਾਂ ਅਤੇ ਕਲਾਕਾਰਾਂ ‘ਤੇ ਪਾਬੰਦੀ ਵੀ ਲੱਗਦੀ ਰਹੀ, ਪਰ ਇਨ੍ਹਾਂ ਦੇ ਕਾਰੋਬਾਰ ਅਤੇ ਕਾਮਯਾਬੀ ‘ਤੇ ਇਨ੍ਹਾਂ ਪਾਬੰਦੀਆਂ ਦਾ ਅਸਰ ਘੱਟ ਹੀ ਦਿਖਦਾ ਹੈ।
ਭਾਰਤ ਅਤੇ ਪਾਕਿਸਤਾਨ ਦੇ ਬਣਦੇ ਵਿਗੜਦੇ ਰਿਸ਼ਤੇ ਨਾ ਸਿਰਫ਼ ਰਾਜਨੀਤੀ ਬਲਕਿ ਫ਼ਿਲਮਾਂ ਦੀ ਸਫ਼ਲਤਾ ਦੀ ਗੈਰੰਟੀ ਵੀ ਮੰਨੇ ਜਾਂਦੇ ਹਨ। ਇਨ੍ਹਾਂ ਦੋਹਾਂ ਮੁਲਕਾਂ ਦੇ ਤਲਖ਼ ਰਿਸ਼ਤਿਆਂ ਨੂੰ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਵਿੱਚ ਚੰਗੀ ਥਾਂ ਮਿਲਦੀ ਹੈ। 1947 ਵਿੱਚ ਦੇਸ਼ ਵੰਡ ਨੂੰ ਲੈ ਕੇ ਹੁਣ ਤਕ ਸਾਹਿਤਕਾਰਾਂ ਅਤੇ ਫ਼ਿਲਮਸਾਜ਼ਾਂ ਦਾ ਇਹ ਪਸੰਦੀਦਾ ਵਿਸ਼ਾ ਵੀ ਹੈ। ਇਹ ਵਿਸ਼ਾ ਇਕੱਲੇ ਭਾਰਤੀ ਫ਼ਿਲਮਸਾਜ਼ਾਂ, ਕਹਾਣੀਕਾਰਾਂ ਅਤੇ ਰਾਜਨੇਤਾਵਾਂ ਨੂੰ ਹੀ ਨਹੀਂ ਪਾਕਿਸਤਾਨੀਆਂ ਨੂੰ ਵੀ ਇੰਨਾ ਹੀ ਭਾਉਂਦਾ ਹੈ। ਮਈ 2018 ਵਿੱਚ ਰਿਲੀਜ਼ ਹੋਈ ਫ਼ਿਲਮ ਰਾਜ਼ੀ ਹੋਵੇ ਜਾਂ ਫ਼ਿਰ 1973 ਵਿੱਚ ਚੇਤਨ ਆਨੰਦ ਵਲੋਂ ਨਿਰਦੇਸ਼ਿਤ ਫ਼ਿਲਮ ਹਿੰਦੁਸਤਾਨ ਕੀ ਕਸਮ, ਇਨ੍ਹਾਂ ਸਾਰੀਆਂ ਫ਼ਿਲਮਾਂ ਨੇ ਸਿਨਮਾ ਘਰਾਂ ਵਿੱਚ ਦਰਸ਼ਕਾਂ ਨੂੰ ਅੰਤ ਤਕ ਬੰਨ੍ਹ ਕੇ ਰੱਖਿਆ ਅਤੇ ਚੰਗੀ ਕਮਾਈ ਕੀਤੀ।
ਭਾਰਤ ਪਾਕਿਸਤਾਨ ਸਬੰਧਾਂ ‘ਤੇ ਬਣੀਆਂ ਜ਼ਿਆਦਾਤਰ ਫ਼ਿਲਮਾਂ ਵਿੱਚ ਪੰਜਾਬ ਨੂੰ ਕੇਂਦਰ ਵਿੱਚ ਰੱਖ ਕੇ ਅੱਧੀ ਸੱਚਾਈ ਅਤੇ ਅੱਧੀਆਂ ਕਹਾਣੀਆਂ ਘੜੀਆਂ ਜਾਂਦੀਆਂ ਹਨ। ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਵੀ ਪੰਜਾਬ ਵਿੱਚ ਹੁੰਦੀ ਹੈ, ਫ਼ਿਰ ਫ਼ਿਲਮ ਚਾਹੇ ਭਾਰਤ-ਪਾਕ ਜੰਗ ‘ਤੇ ਆਧਾਰਿਤ ਹੋਵੇ ਜਾਂ ਫ਼ਿਰ ਦੇਸ਼ ਵੰਡ ‘ਤੇ। ਵੈਸੇ ਵੀ, ਦੇਖਿਆ ਜਾਵੇ ਤਾਂ 1947 ਵਿੱਚ ਵੰਡ ਦੇ ਸਮੇਂ ਜੋ ਸਥਿਤੀ ਪੈਦਾ ਹੋਈ ਸੀ ਉਸ ਦਾ ਸੇਕ ਬੰਗਾਲ, ਗੁਜਰਾਤ ਅਤੇ ਰਾਜਸਥਾਨ ਨੇ ਵੀ ਝੱਲਿਆ ਸੀ, ਪਰ ਸਭ ਤੋਂ ਜ਼ਿਆਦਾ ਖ਼ਾਮਿਆਜ਼ਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੇ ਹੀ ਭੁਗਤਿਆ। ਸ਼ਾਇਦ ਇਸ ਦਰਦ ਨੂੰ ਫ਼ਿਲਮਸਾਜ਼ਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਪਰਦੇ ‘ਤੇ ਪੇਸ਼ ਕੀਤਾ ਹੈ, ਚਾਹੇ ਉਹ ਟਰੇਨ ਟੂ ਪਾਕਿਸਤਾਨ ਹੋਵੇ ਜਾਂ ਫ਼ਿਰ ਪਿੰਜਰ। ਇਹ ਦੋਹੇਂ ਹੀ ਭਾਰਤ ਵੰਡ ਦੇ ਦੋ ਦਸਤਾਵੇਜ਼ ਹਨ ਜਿਨ੍ਹਾਂ ਨੂੰ ਸਨ ’47 ਤੋਂ ਬਾਅਦ ਪੈਦਾ ਹੋਏ ਲੋਕ ਵੰਡ ਦਾ ਸੇਕ ਝੱਲ ਚੁੱਕੇ ਲੋਕਾਂ ਦੀ ਜ਼ੁਬਾਨੀ ਜਾਂ ਫ਼ਿਰ ਫ਼ਿਲਮਾਂ ਦੀ ਕਹਾਣੀ ਵਿੱਚ ਦੇਖਦੇ ਆਏ ਹਨ। ਅਜਿਹੇ ਵਿੱਚ ਫ਼ਿਲਮਸਾਜ਼ਾਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ-ਪਾਕ ਸਬੰਧਾਂ ‘ਤੇ ਬਣੀਆਂ ਫ਼ਿਲਮਾਂ ਦੀ ਸ਼ੂਟਿੰਗ ਉਹ ਪੰਜਾਬ ਵਿੱਚ ਕਰਨ।
ਦੇਸ਼ ਵੰਡ ਦੇ ਪਿਛੋਕੜ ‘ਤੇ ਬਣੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸੂਚੀ ਲੰਬੀ ਹੈ। ਇਨ੍ਹਾਂ ਵਿੱਚ ਪ੍ਰਮੁੱਖ ਫ਼ਿਲਮਾਂ ਗ਼ਦਰ, ਪਿੰਜਰ, ਟਰੇਨ ਟੂ ਪਾਕਿਸਤਾਨ, ਸਦੀਆਂ ਅਤੇ ਸਰਬਜੀਤ ਸਮੇਤ ਦਰਜਨਾਂ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਦੀ ਸ਼ੂਟਿੰਗ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਹੋਈ ਹੈ। ਇਹ ਸਾਰੀਆਂ ਫ਼ਿਲਮਾਂ ਦੇਸ਼ ਵੰਡ ਤੋਂ ਬਾਅਦ ਉਪਜੀ ਤ੍ਰਾਸਦੀ ‘ਤੇ ਆਧਾਰਿਤ ਸਨ। ਇਨ੍ਹਾਂ ਵਿੱਚ ਫ਼ਿਲਮਸਾਜ਼ਾਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਦੀ ਕੁੱਖ ਵਿੱਚੋਂ ਪਾਕਿਸਤਾਨ ਦੇ ਜਨਮ ਲੈਣ ਤੋਂ ਬਾਅਦ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਉਜੜਨਾ ਪਿਆ। ਗ਼ਦਰ ਅਤੇ ਟਰੇਨ ਟੂ ਪਾਕਿਸਤਾਨ ਇਨ੍ਹਾਂ ਦੋਹੇਂ ਫ਼ਿਲਮਾਂ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰੇਲ ਗੱਡੀਆਂ ‘ਤੇ ਲੋਕਾਂ ਦੀਆਂ ਲਾਸ਼ਾਂ ਪਾਕਿਸਤਾਨ ਤੋਂ ਭਾਰਤ ਆ ਰਹੀਆਂ ਹਨ। ਕੱਲ੍ਹ ਤਕ ਇੱਕ ਦੂਜੇ ਦਾ ਦੁੱਖ ਦਰਦ ਸਾਂਝਾ ਕਰਨ ਵਾਲੇ ਹਿੰਦੂ ਅਤੇ ਮੁਸਲਮਾਨ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਜਾਂਦੇ ਹਨ। ਪਿੰਜਰ ਵਿੱਚ ਦੇਸ਼ ਵੰਡ ਦੌਰਾਨ ਇੱਕ ਲੜਕੀ ਦਾ ਜ਼ਬਰਦਸਤੀ ਧਰਮ ਬਦਲਿਆ ਜਾਂਦਾ ਹੈ। ਕੁੱਝ ਅਜਿਹਾ ਹੀ ਰੈਫ਼ਿਊਜੀ ਵਿੱਚ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਫ਼ਿਲਮ ਦੀ ਵੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿੱਚ ਹੋਈ ਸੀ। ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਭਾਰਤ ਦੀ ਸ਼ੂਟਿੰਗ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਹੋਈ ਹੈ।
ਇਨ੍ਹਾਂ ਦੋਹਾਂ ਦੇਸ਼ਾਂ ਦੇ ਤਲਖ਼ ਰਿਸ਼ਤਿਆਂ ‘ਤੇ ਬਣੀਆਂ ਸਫ਼ਲ ਫ਼ਿਲਮਾਂ ਵਿੱਚ ਅਬ ਤੁਮਹਾਰੇ ਹਵਾਲੇ ਵਤਨ ਸਾਥੀਓ, ਲਕਸ਼ਯ, ਜੇ. ਪੀ. ਦੱਤਾ ਵਲੋਂ ਨਿਰਦੇਸ਼ਿਤ ਬੌਰਡਰ ਅਤੇ LOC, ਕਰਗਿਲ, ਫ਼ੈਂਟਮ, ਹਿੰਦੁਸਤਾਨ ਕੀ ਕਸਮ (ਨਵੀਂ ਅਤੇ ਪੁਰਾਣੀ) ਅਤੇ ਦਾ ਹੀਰੋ, ਸਲਮਾਨ ਖ਼ਾਨ ਦੀ ਭੂਮਿਕਾ ਵਾਲੀ ਟਾਈਗਰ ਅਤੇ ਟਾਈਗਰ ਅਭੀ ਜ਼ਿੰਦਾ ਹੈ ਅਤੇ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਰਾਜ਼ੀ ਸ਼ਾਮਲ ਹਨ। ਜੇਕਰ ਫ਼ਿਲਮਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਗ਼ਦਰ ਨੇ ਓਦੋਂ 77 ਕਰੋੜ ਅਤੇ ਕਸ਼ਮੀਰ ਵਿੱਚ ਪਾਕਿਸਤਾਨ ਵਲੋਂ ਪ੍ਰਯੋਜਿਤ ਅਤਿਵਾਦ ‘ਤੇ ਬਣੀ ਫ਼ਿਲਮ ਦਾ ਹੀਰੋ ਨੇ 26 ਕਰੋੜ ਰੁਪਏ ਕਮਾਏ ਸਨ। ਹਰਿੰਦਰ ਸਿੱਕਾ ਦਾ ਨਾਵਲ ਕਾਲਿੰਗ ਸਹਿਮਤ 1971 ਦੀ ਭਾਰਤ-ਪਾਕ ਜੰਗ ਵਿੱਚ ਇੱਕ ਨੌਜਵਾਨ ਕਵਰ ਏਜੰਟ ਦੀ ਕਹਾਣੀ ਸੀ। ਇਸ ਫ਼ਿਲਮ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ‘ਤੇ ਬਣੀਆਂ ਫ਼ਿਲਮਾਂ ਦੀ ਸਫ਼ਲਤਾ ਦੇ ਸਾਰੇ ਰਿਕਾਰਡ ਤੋੜਦੇ ਹੋਏ 122 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜੋ ਟਿਕਟ ਖਿੜਕੀ ‘ਤੇ ਸਭ ਤੋਂ ਵੱਧ ਮੰਨੀ ਜਾਂਦੀ ਹੈ।
ਭਾਰਤ ਅਤੇ ਪਾਕਿਸਤਾਨ ‘ਤੇ ਰਾਜਨੇਤਾ ਹੀ ਨਹੀਂ ਬਲਕਿ ਫ਼ਿਲਮਸਾਜ਼ ਵੀ ਦੋ ਖ਼ੇਮਿਆਂ ਵਿੱਚ ਵੰਡੇ ਹੋਏ ਹਨ। ਪਹਿਲਾ ਖ਼ੇਮਾ ਉਹ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜੇ ਗਏ ਚਾਰ ਯੁੱਧਾਂ ਅਤੇ ਅਤਿਵਾਦ ‘ਤੇ ਫ਼ਿਲਮਾਂ ਬਣਾਉਂਦੇ ਹਨ ਜਾਂ ਫ਼ਿਰ ਉਹ ਭਾਰਤ ਵੰਡ ਅਤੇ ਇਸ ਤੋਂ ਬਾਅਦ ਉਪਜੇ ਹਾਲਾਤ ਨੂੰ ਲੈ ਕੇ ਫ਼ਿਲਮਾਂ ਬਣਾਉਂਦੇ ਹਨ। ਦੂਜਾ ਫ਼ਿਲਮਸਾਜ਼ਾਂ ਦਾ ਇੱਕ ਹੰਢਿਆ ਹੋਇਆ ਖ਼ੇਮਾ ਹੈ ਜੋ ਦੋਹਾਂ ਦੇਸ਼ਾਂ ਵਿਚਕਾਰ ਦਰਸ਼ਕਾਂ ਨੂੰ ਪਿਆਰ ਫ਼ੈਲਾਉਂਦੀਆਂ ਫ਼ਿਲਮਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਫ਼ਿਲਮਾਂ ਵਿੱਚ ਪ੍ਰਮੁੱਖ ਹਨ ਵੀਰ-ਜ਼ਾਰਾ, ਬਜਰੰਗੀ ਭਾਈਜਾਨ ਅਤੇ ਸਦੀਆਂ।
ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨੀ ਸਰਕਾਰ ਗਾਹੇ ਬਗਾਹੇ ਭਾਰਤੀ ਫ਼ਿਲਮਾਂ ਦੇ ਪਾਕਿਸਤਾਨ ਵਿੱਚ ਪ੍ਰਦਰਸ਼ਨ ‘ਤੇ ਲੋਕ ਲਗਾਉਂਦੀ ਰਹਿੰਦੀ ਹੈ, ਪਰ ਫ਼ਿਰ ਵੀ ਸ਼ਾਹਰੁਖ਼ ਖ਼ਾਨ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਦੇ ਚਾਹੁਣ ਵਾਲਿਆਂ ਦੀ ਸੰਖਿਆ ਘਟਦੀ ਨਹੀਂ।
ਪੰਜਾਬੀ ਫ਼ਿਲਮਾਂ ਦੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਹਰਿੰਦਰ ਸੋਹਲ ਦਾ ਕਹਿਣਾ ਹੈ ਕਿ ਦੇਸ਼ ਵੰਡ ਬਹੁਤ ਵੱਡੀ ਭੁੱਲ ਸੀ। ਇਸ ਵਿੱਚ ਦਸ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸਭ ਕੁੱਝ ਛੱਡ ਕੇ ਇੱਧਰ-ਉੱਧਰ ਜਾਣਾ ਪਿਆ, ਅਤੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਸ ਤ੍ਰਾਸਦੀ ਨੂੰ ਨਵੀਂ ਪੀੜ੍ਹੀ ਸਿਰਫ਼ ਕਿਤਾਬਾਂ ਵਿੱਚ ਪੜ੍ਹਦੀ ਹੈ ਜਿਸ ਨੂੰ ਫ਼ਿਲਮਸਾਜ਼ ਪਰਦੇ ‘ਤੇ ਸਜੀਵ ਕਰਦੇ ਹਨ। ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ‘ਤੇ ਬਣੀਆਂ ਫ਼ਿਲਮਾਂ ਹਰ ਕਾਲ ਵਿੱਚ ਸਫ਼ਲ ਹੋਣਗੀਆਂ।
ਵੰਡ ਦਾ ਦਰਦ ਬਿਆਨਣ ਵਿੱਚ ਸਾਹਿਤਕਾਰ ਵੀ ਮੋਹਰੀ
ਫ਼ਿਲਮਾਂ ਅਤੇ ਫ਼ਿਲਮਸਾਜ਼ ਹੀ ਨਹੀਂ ਬਲਕਿ ਸਮੇਂ ਸਮੇਂ ਦੇ ਸਾਹਿਤਕਾਰਾਂ ਨੇ ਵੀ ਆਪਣੀ ਲੇਖਣੀ ਦੇ ਪੰਨਿਆਂ ‘ਤੇ ਦੁਨੀਆਂ ਦੀ ਸਭ ਤੋਂ ਵੱਡੀ ਵੰਡ ਅਤੇ ਇਸ ਦੌਰਾਨ ਹੋਈ ਹਿੰਸਾ ਅਤੇ ਇਸ ਨਾਲ ਪ੍ਰਭਾਵਿਤ ਲੋਕਾਂ ਦੇ ਦਰਦ ਨੂੰ ਸ਼ਬਦਾਂ ਵਿੱਚ ਪਿਰੋਇਆ ਹੈ। ਇਨ੍ਹਾਂ ਲੇਖਕਾਂ ਵਿੱਚ ਸਾਅਦਤ ਹਸਨ ਮੰਟੋ, ਅੰਮ੍ਰਿਤਾ ਪ੍ਰੀਤਮ ਅਤੇ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਦੇ ਨਾਮ ਪ੍ਰਮੁੱਖ ਹਨ। ਦੇਸ਼ ਵੰਡ ਦਾ ਦਰਦ ਖ਼ੁਦ ਉੱਘੇ ਸ਼ਾਇਰ ਗ਼ੁਲਜ਼ਾਰ ਅਤੇ ਮਨੋਜ ਕੁਮਾਰ ਵਰਗੇ ਕਲਾਕਾਰ ਬਰਦਾਸ਼ਤ ਕਰ ਚੁੱਕੇ ਹਨ। ਅੰਮ੍ਰਿਤਾ ਪ੍ਰੀਤਮ ਅਤੇ ਖੁਸ਼ਵੰਤ ਸਿੰਘ ਦੇ ਲਿਖੇ ਕ੍ਰਮਵਾਰ ਨਾਵਲ ਪਿੰਜਰ ਅਤੇ ਟਰੇਨ ਟੂ ਪਾਕਿਸਤਾਨ ਚਰਚਿਤ ਰਹੇ ਹਨ। ਮੰਟੋ ਨੇ ਭਾਰਤ-ਪਾਕ ਵੰਡ ‘ਤੇ ਦਰਜਨਾਂ ਕਹਾਣੀਆਂ ਲਿਖੀਆਂ ਜਿਨ੍ਹਾਂ ਵਿੱਚੋਂ ਭਾਰਤ-ਪਾਕ ਵੰਡ ਨੂੰ ਲੈ ਕੇ ਉਸ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਦੀਆਂ ਕਹਾਣੀਆਂ ਵਿੱਚ ਟੋਬਾ ਟੇਕ ਸਿੰਘ ਸਭ ਤੋਂ ਵੱਧ ਪ੍ਰਸਿੱਧ ਹੈ।
ਪਾਕਿਸਤਾਨੀ ਨਿਰਮਾਤਾ-ਨਿਰਦੇਸ਼ਕ ਵੀ ਪਿੱਛੇ ਨਹੀਂ
ਪਾਕਿਸਤਾਨੀ ਫ਼ਿਲਮਸਾਜ਼ ਵੀ ਦੋਹਾਂ ਦੇਸ਼ਾਂ ਦੇ ਸਬੰਧਾਂ ‘ਤੇ ਫ਼ਿਲਮਾਂ ਬਣਾਉਣ ਵਿੱਚ ਪਿੱਛੇ ਨਹੀਂ ਹਨ। ਪਾਕਿਸਤਾਨ ਵਿੱਚ ਬਣੀ ਫ਼ਿਲਮ ਜ਼ਿੰਦਾ ਭਾਗ ਵਿੱਚ ਭਾਰਤੀ ਕਲਾਕਾਰ ਨਸੀਰੂਦੀਨ ਸ਼ਾਹ ਨੇ ਦਮਦਾਰ ਅਦਾਕਾਰੀ ਕੀਤੀ ਹੈ। ਇਸ ਫ਼ਿਲਮ ਨੂੰ 86ਵੇਂ ਅਕਾਦਮਿਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਇਹ ਪਿਛਲੇ 50-52 ਸਾਲਾਂ ਵਿੱਚ ਪਾਕਿਸਤਾਨ ਵਲੋਂ ਅਕਾਦਮਿਕ ਪੁਰਸਕਾਰਾਂ ਵਿੱਚ ਜਾਣ ਵਾਲੀ ਪਹਿਲੀ ਫ਼ਿਲਮ ਸੀ।
ਇਹ ਕੋਈ ਪਹਿਲੀ ਫ਼ਿਲਮ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਪਾਕਿਸਤਾਨੀ ਫ਼ਿਲਮਾਂ ਦਾ ਪ੍ਰਦਰਸ਼ਨ ਹੁੰਦਾ ਰਿਹਾ ਹੈ। 2008 ਵਿੱਚ ਪਾਕਿਸਤਾਨੀ ਨਿਰਦੇਸ਼ਕ ਸ਼ੋਇਬ ਮੰਸੂਰ ਦੀ ਫ਼ਿਲਮ ਖ਼ੁਦਾ ਕੇ ਲਿਏ ਆਈ ਸੀ। ਇਹ ਪਿਛਲੇ 43 ਸਾਲਾਂ ਵਿੱਚ ਸ਼ਾਇਦ ਪਹਿਲੀ ਫ਼ਿਲਮ ਸੀ ਜਿਸ ਨੂੰ ਸਰਹੱਦ ਤੋਂ ਬਾਹਰ ਭਾਰਤ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਿਰੀਨ ਜੱਬਾਰ ਦੀ ਫ਼ਿਲਮ ਰਾਮ ਚੰਦਰ ਪਾਕਿਸਤਾਨੀ ਆਈ ਸੀ। 2011 ਵਿੱਚ ਮੰਸੂਰ ਦੀ ਫ਼ਿਲਮ ਬੋਲ ਨੂੰ ਵੀ ਭਾਰਤ ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਭਾਰੀ ਸਫ਼ਲਤਾ ਮਿਲੀ ਸੀ। ਭਾਰਤ ਵਿੱਚ ਪ੍ਰਦਰਸ਼ਿਤ ਇਨ੍ਹਾਂ ਸਾਰੀਆਂ ਫ਼ਿਲਮਾਂ ਵਿੱਚ ਭਾਰਤ-ਪਾਕ ਸਰਹੱਦ ‘ਤੇ ਵਸੇ ਪਿੰਡਾਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦਿਖਾਇਆ ਗਿਆ ਸੀ। ਫ਼ਿਲਮਾਂ ਵਿੱਚ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਦੋਵੇਂ ਦੇਸ਼ਾਂ ਦਾ ਸਭਿਆਚਾਰ ਇੱਕੋ ਜਿਹਾ ਹੈ ਖ਼ਾਸ ਕਰ ਕੇ ਦੋਹਾਂ ਪਾਸਿਆਂ ਦੇ ਪੰਜਾਬਾਂ ਦਾ। ਇਨ੍ਹਾਂ ਸਾਰੀਆਂ ਫ਼ਿਲਮਾਂ ਨੇ ਭਾਰਤ ਵਿੱਚ ਚੰਗੀ ਕਮਾਈ ਕੀਤੀ।