ਲੰਡਨ – ਵਨ ਡੇ ਕ੍ਰਿਕਟ ‘ਚ ਉਂਝ ਤਾਂ ਹੁਣ 300 ਦਾ ਸਕੋਰ ਤਾਂ ਆਮ ਗੱਲ ਹੋ ਗਈ ਹੈ ਕਿਉਂਕਿ ਬਲੇਬਾਜ਼ਾਂ ਲਈ ਮੈਦਾਨ ‘ਤੇ ਬੱਲੇਬਾਜ਼ੀ ਕਰਨਾ ਸੌਖ ਹੁੰਦਾ ਜਾ ਰਿਹਾ ਹੈ। ਅੱਜਕੱਲ੍ਹ ਕੋਈ ਵੀ ਸਕੋਰ ਸੁਰੱਖਿਅਤ ਨਹੀਂ ਰਹਿ ਗਿਆ। ਮਾਰਚ 2006 ਤਕ ਕਿਸੇ ਵੀ ਟੀਮ ਨੇ ਇੱਕ ਵਾਰ ਵੀ 400 ਦਾ ਸਕੋਰ ਨਹੀਂ ਸੀ ਬਣਾਇਆ, ਪਰ ਉਸ ਤੋਂ ਬਾਅਦ ਤੋਂ ਕਈ ਟੀਮਾਂ 400 ਦੌੜਾਂ ਦੇ ਸਕੋਰ ਨੂੰ ਬਣਾ ਚੁੱਕੀਆਂ ਹਨ। ਉਥੇ ਹੀ ਵਨ ਡੇ ਕ੍ਰਿਕਟ ‘ਚ 300 ਦੌੜਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਹਰ ਇੱਕ ਮੈਚ ‘ਚ ਇਨ੍ਹੀਆਂ ਜਾਂ ਇਸ ਦੇ ਆਸਪਾਸ ਦੌੜਾਂ ਬਣਾਉਣਾ ਆਮ ਹੋ ਗਿਆ ਹੈ।
ਭਾਰਤ (108) – ਭਾਰਤੀ ਟੀਮ ਇਸ ਮਾਮਲੇ ‘ਚ ਸਭ ਤੋਂ ਅੱਗੇ ਹੈ, ਭਾਰਤੀ ਟੀਮ ਨੇ ਹੁਣ ਤਕ ਰਿਕਾਰਡ 108 ਵਾਰ 300 ਤੋਂ ਜਿਆਦਾ ਦੌੜਾਂ ਬਣਾਉਣ ਦਾ ਕੀਰਤੀਮਾਨ ਸਥਾਪਿਤ ਕੀਤਾ ਹੈ।
ਆਸਟਰੇਲੀਆ (105) – ਕੰਗੈਰੂਆਂ ਦੀ ਟੀਮ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਆਉਂਦੀ ਹੈ। ਉਨ੍ਹਾਂ ਦਾ 105 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹੈ। ਉਨ੍ਹਾਂ ਨੇ ਪਹਿਲੀ ਵਾਰ 300 ਦਾ ਟੀਚਾ ਸ਼੍ਰੀਲੰਕਾ ਖ਼ਿਲਾਫ਼ ਪਾਰ ਕੀਤਾ ਸੀ। ਇਸ ਮੈਚ ‘ਚ ਆਸਟਰੇਲੀਆ ਨੇ 328 ਦੌੜਾਂ ਬਣਾਈਆਂ ਸਨ।
ਦੱਖਣੀ ਅਫ਼ਰੀਕਾ (83) – ਚਾਲੂ ਵਿਸ਼ਵ ਕਪ ‘ਚ ਬੇਹਦ ਖ਼ਰਾਬ ਪ੍ਰਰਦਸ਼ਨ ਕਰ ਰਹੀ ਦੱਖਣੀ ਅਫ਼ਰੀਕਾ ਦੀ ਟੀਮ ਕਿਸੇ ਸਮੇਂ ਚੈਂਪੀਅਨ ਟੀਮਾਂ ‘ਚ ਗਿਣੀ ਜਾਂਦੀ ਸੀ, ਅਤੇ ਉਨ੍ਹਾਂ ਨੇ 83 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਇਸ ਸੂਚੀ ਵਿੱਚ ਉਨ੍ਹਾਂ ਦਾ ਤੀਜਾ ਨੰਬਰ ਹੈ। ਪਹਿਲੀ ਵਾਰ ਕੀਵੀ ਟੀਮ ਖ਼ਿਲਾਫ਼ ਉਨ੍ਹਾਂ ਨੇ 300 ਦੇ ਟੀਚੇ ਨੂੰ ਪਾਰ ਕੀਤਾ ਸੀ।
ਪਾਕਿਸਤਾਨ (78) – ਪਾਕਿਸਤਾਨ ਦਾ 78 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹੈ ਅਤੇ 300 ਦੇ ਅੰਕੜੇ ਨੂੰ ਪਹਿਲੀ ਵਾਰ ਉਸ ਨੇ 14 ਜੂਨ 1975 ਨੂੰ ਸ਼੍ਰੀਲੰਕਾ ਖ਼ਿਲਾਫ਼ ਪਾਰ ਕੀਤਾ ਸੀ। ਪਾਕਿ ਨੇ ਇਸ ਮੈਚ ‘ਚ 330 ਦੌੜਾਂ ਬਣਾਈਆਂ ਸਨ, ਅਤੇ ਇਸ ਮੈਚ ‘ਚ ਉਸ ਨੇ ਸ਼੍ਰੀਲੰਕਾ ਨੂੰ 192 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ।
ਇੰਗਲੈਂਡ (76) – ਇੰਗਲੈਂਡ ਨੇ 76 ਵਾਰ 300 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹਾਸਿਲ ਕੀਤਾ ਹੈ। ਇੰਗਲੈਡ ਨੇ ਪਹਿਲੀ ਵਾਰ 300 ਦੇ ਅੰਕੜੇ ਨੂੰ 7 ਜੂਨ 1975 ਨੂੰ ਭਾਰਤ ਖ਼ਿਲਾਫ਼ ਪਾਰ ਕੀਤਾ ਸੀ, ਅਤੇ ਉਸ ਮੈਚ ‘ਚ ਭਾਰਤ ਨੂੰ ਇੰਗਲੈਂਡ ਨੇ 202 ਦੌੜਾਂ ਦੇ ਵੱਡੇ ਫ਼ਰਕ ਤੋਂ ਹਰਾਇਆ ਸੀ।