ਮੈਨਚੈਸਟਰ – ਭਾਰਤ ਨੂੰ 36 ਵਰ੍ਹਿਆਂ ਪਹਿਲਾਂ ਪਹਿਲੀ ਵਾਰ ਵਰਲਡ ਕੱਪ ਦਾ ਸਰਤਾਜ ਬਣਾਉਣ ਵਾਲੀ ਕਪਿਲ ਦੇਵ ਦੀ ਟੀਮ ਨੂੰ ਅੱਜ ਵੀ ਕ੍ਰਿਕਟ ਦੇ ਮੱਕੇ ‘ਤੇ ਮਿਲੀ ਉਸ ਇਤਿਹਾਸਕ ਜਿੱਤ ਦਾ ਮੰਜ਼ਰ ਯਾਦ ਹੈ ਜਦੋਂ ਲੌਰਡਜ਼ ਦੀ ਬੈਲਕੋਨੀ ‘ਤੇ ਖੜ੍ਹੇ ਹੋ ਕੇ ਉਨ੍ਹਾਂ ਨੇ ਵਰਲਡ ਕੱਪ ਦੇ ਸਿਖਰ ‘ਤੇ ਦਸਤਕ ਦਿੱਤੀ ਸੀ। 25 ਜੂਨ 1983 ਨੂੰ ਸ਼ਨੀਵਾਰ ਸੀ, ਅਤੇ ਪੂਰਾ ਭਾਰਤਵਰਸ਼ ਜਿਵੇਂ ਰੁਕ ਗਿਆ ਸੀ ਜਦੋਂ ਦੋ ਵਾਰ ਦੀ ਚੈਂਪੀਅਨ ਵੈੱਸਟਇੰਡੀਜ਼ ਨੂੰ ਹਰਾ ਕੇ ਭਾਰਤ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ।
ਹੁਣ ਉਸ ਪਲ ਗ਼ੁਜ਼ਰਿਆਂ ਨੂੰ 36 ਸਾਲ ਬੀਤ ਗਏ ਹਨ, ਪਰ ਕ੍ਰਿਕਟ ਪ੍ਰੇਮੀਆਂ ਨੂੰ ਅੱਜ ਯਾਦ ਵੀ ਯਾਦ ਹੈ ਕੱਪ ਹੱਥ ‘ਚ ਫ਼ੜੇ ਕਪਿਲ ਦੇ ਚਿਹਰੇ ‘ਤੇ ਖਿੜੀ ਮੁਸਕੁਰਾਹਟ। ਹਰ ਚਾਰ ਸਾਲ ‘ਚ ਵਰਲਡ ਕੱਪ ਦੇ ਦੌਰਾਨ ਟੈਲੀਵਿਯਨ ‘ਤੇ ਇਹ ਨਜ਼ਾਰਾ ਅੱਖਾਂ ਸਾਹਮਣੇ ਆ ਜਾਂਦਾ ਹੈ। ਉਸ ਤੋਂ ਬਾਅਦ ਭਾਰਤ ਨੂੰ 28 ਸਾਲਾਂ ਤਕ ਇੰਤਜ਼ਾਰ ਕਰਨਾ ਪਿਆ ਜਦੋਂ ਅਪ੍ਰੈਲ ‘ਚ ਵਾਨਖੇੜੇ ਸਟੇਡੀਅਮ ‘ਤੇ ਦੁਬਾਰਾ ਵਰਲਡ ਕੱਪ ਉਸ ਦੀ ਝੋਲੀ ‘ਚ ਆਇਆ। ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੀਆਂ ਅੱਖਾਂ ‘ਤੇ ਡਿਗਦੇ ਹੰਝੂ, ਵਿਰਾਟ ਕੋਹਲੀ ਦੇ ਮੋਢੇ ‘ਤੇ ਸਚਿਨ ਤੇਂਦੁਲਕਰ ਅਤੇ ਪੂਰੇ ਦੇਸ਼ ‘ਚ ਮੰਨੋ ਦੀਵਾਲੀ ਦਾ ਜਸ਼ਨ। ਸੁਨੀਲ ਗਾਵਸਕਰ, ਕਪਿਲ ਦੇਵ ਅਤੇ ਕ੍ਰਿਸ ਸ਼੍ਰੀਕਾਂਤ ਦੀ ਪੀੜ੍ਹੀ ਦੇ ਜਨੂੰਨ ਨੂੰ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਵਰਿੰਦਰ ਸਹਿਵਾਗ ਜਿਹੇ ਸਿਤਾਰਿਆਂ ਨੇ ਅੱਗੇ ਵਧਾਇਆ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਅੱਜ ਜਿਸ ਮੁਕਾਮ ‘ਤੇ ਹੈ, ਉਸ ਦਾ ਸਿਹਰਾ 1983 ਦੀ ਟੀਮ ਨੂੰ ਜਾਂਦਾ ਹੈ। ਕਪਿਲ ਨੇ ਹਾਲ ਹੀ ‘ਚ ਇੱਕ ਵੈੱਬ ਸ਼ੋਅ ‘ਤੇ ਕਿਹਾ ਕਿ ਉਸ ਨੂੰ ਉਸ ਵਕਤ ਦੀਆਂ ਬਹੁਤ ਸਾਰੀਆਂ ਗੱਲਾਂ ਹੁਣ ਯਾਦ ਨਹੀਂ। ਆਪਣੇ ਕਰੀਅਰ ‘ਚ ਅਣਗਿਣਤ ਉਪਲਬਧੀਆਂ ਹਾਸਿਲ ਕਰ ਚੁੱਕੇ ਇਸ ਦਿੱਗਜ ਲਈ ਇਹ ਸੁਭਾਵਕ ਵੀ ਹੈ ਅਤੇ ਉਮਰ ਦਾ ਤਕਾਜ਼ਾ ਵੀ। ਮਦਨ ਲਾਲ ਨੂੰ ਹਾਲਾਂਕਿ ਅਜੇ ਵੀ ਬਹੁਤ ਕੁੱਝ ਯਾਦ ਹੈ। ਉਸ ਨੇ ਕਿਹਾ, ”ਮੈਂ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਕਿਵੇਂ ਭੁਲ ਸਕਦਾ ਹਾਂ? ਮੈਨੂੰ ਬਹੁਤ ਕੁੱਝ ਯਾਦ ਹੈ। ਕਪਿਲ ਦੀ ਉਹ ਪਾਰੀ, ਵੈੱਸਟਇੰਡੀਜ਼ ਨੂੰ ਹਰਾਉਣਾ, ਕੀਰਤੀ ਆਜ਼ਾਦ ਦਾ ਈਐਨ ਬੌਥਮ ਨੂੰ ਆਊਟ ਕਰਨਾ ਅਤੇ ਆਸਟਰੇਲੀਆ ਨੂੰ ਹਰਾਉਣਾ। ਸਾਬਕਾ ਮੁੱਖ ਕੋਚ ਅਤੇ ਚੋਣਕਰਤਾ ਮਦਨ ਲਾਲ ਨੇ ਕਿਹਾ, ”ਸਾਡੀ ਸਫ਼ਲਤਾ ਕਾਫ਼ੀ ਅਹਿਮ ਸੀ ਅਤੇ ਅਗਲੀ ਨਸਲ ਨੂੰ ਇਸ ਦਾ ਫ਼ਾਇਦਾ ਮਿਲਿਆ, ਅਤੇ ਮੈਂ ਇਸ ਤੋਂ ਬੇਹੱਦ ਖ਼ੁਸ਼ ਹਾਂ।