ਚੰਡੀਗੜ੍ਹ—ਫਰੀਦਾਬਾਦ ‘ਚ ਕਾਂਗਰਸ ਦਾ ਬੁਲਾਰਾ ਵਿਕਾਸ ਚੌਧਰੀ ਦੇ ਕਤਲਕਾਂਡ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਭਾਵ ਸ਼ਨੀਵਾਰ ਨੂੰ ਦੋਸ਼ ਲਗਾਉਂਦਿਆ ਕਿਹਾ ਹੈ ਕਿ ਮਨੋਹਰ ਲਾਲ ਖੱਟੜ ਦੀ ਸਰਕਾਰ ‘ਚ ਸੂਬੇ ਦਾ ਹਰ ਵਿਅਕਤੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਕਿਉਂਕਿ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਹੁੱਡਾ ਨੇ ਇਹ ਵੀ ਕਿਹਾ ਹੈ, ”ਰੋਜ਼ਾਨਾ ਕਤਲ ਹੋ ਰਹੇ ਹਨ, ਜਬਰ-ਜਨਾਹ ਹੋ ਰਹੇ ਹਨ, ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ, ”ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਆ ਮਹਿਸੂਸ ਕਰ ਰਿਹਾ ਹੈ, ਚਾਹੇ ਉਹ ਔਰਤ ਹੋਵੇ, ਬਜ਼ੁਰਗ ਹੋਵੇ ਜਾਂ ਫਿਰ ਬੱਚੇ ਹੋਣ, ਸਾਰੇ ਅਸੁਰੱਖਿਅਤ ਹਨ। ਅਜਿਹਾ ਲੱਗਦਾ ਹੈ ਕਿ ਹਰਿਆਣਾ ‘ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ।” ਮੁੱਖ ਮੰਤਰੀ ਖੱਟੜ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਹੁੱਡਾ ਨੇ ਕਿਹਾ,”ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਦੀ ਬਜਾਏ ਮੁੱਖ ਮੰਤਰੀ ਫਰੀਦਾਬਾਦ ‘ਚ ਹੋਈ ਹੱਤਿਆ ਨੂੰ ਸਹੀ ਠਹਿਰਾ ਰਹੇ ਹਨ।”