ਚੰਡੀਗੜ੍ਹ/ਜਲੰਧਰ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੁਆਰਾ ਉਲੀਕੀ ਰੂਪ-ਰੇਖਾ ਅਨੁਸਾਰ ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਛੇਤੀ ਹੀ ਸ਼ੁਰੂ ਕੀਤੇ ਜਾਣਗੇ। ਮੁੱਖ ਮੰਤਰੀ ਨੇ ਪੁਰੀ ਨਾਲ ਮੁਲਾਕਾਤ ਕੀਤੀ, ਜੋ ਸ਼ਹਿਰੀ ਹਵਾਬਾਜ਼ੀ ਦੇ ਕੇਂਦਰੀ ਰਾਜ ਮੰਤਰੀ ਹੋਣ ਦੇ ਨਾਲ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਆਜ਼ਾਦਾਨਾ ਮੰਤਰੀ ਵੀ ਹਨ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸੁਲਤਾਨਪੁਰ ਲੋਧੀ ਨਗਰ ਲਈ ਸੂਬਾ ਸਰਕਾਰ ਵੱਲੋਂ ਪ੍ਰਸਤਾਵਿਤ ਕੀਤੇ 321 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਨੂੰ ਛੇਤੀ ਪ੍ਰਵਾਨਗੀ ਦੇਣ ਲਈ ਜ਼ੋਰ ਪਾਇਆ ਹੈ। ਇਹ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਬੰਧਤ ਹੋਣ ਕਰਕੇ ਇਤਿਹਾਸਕ ਤੌਰ ‘ਤੇ ਬਹੁਤ ਮਹੱਤਤਾ ਰੱਖਦਾ ਹੈ ਜਿੱਥੇ ਇਸ ਸਾਲ ਗੁਰੂ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਪੁਰੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਤਜਵੀਜ਼ਾਂ ਨੂੰ ਜਾਂਚਣ ਅਤੇ ਕੰਮ ਛੇਤੀ ਸ਼ੁਰੂ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਪਹਿਲ ਦੇ ਆਧਾਰ ‘ਤੇ ਦੇਣ ਲਈ ਆਪਣੇ ਵਿਭਾਗ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਮੁੱਖ ਮੰਤਰੀ ਵੱਲੋਂ ਹਿੱਸੇਦਾਰੀ ਦੇ ਆਧਾਰ ‘ਤੇ ਭਾਰਤ ਸਰਕਾਰ ਦੀ ਸਹਾਇਤਾ ਵਾਲੇ ਸਮਾਰਟ ਸਿਟੀ ਪ੍ਰਾਜੈਕਟ ਵਿਚ ਪਟਿਆਲਾ, ਬਠਿੰਡਾ ਅਤੇ ਐੱਸ.ਏ.ਐੱਸ. ਨਗਰ ਦੀਆਂ 3 ਨਗਰ ਨਿਗਮਾਂ ਨੂੰ ਵੀ ਸ਼ਾਮਲ ਕਰਨ ਦੀ ਕੀਤੀ ਅਪੀਲ ‘ਤੇ ਸ਼੍ਰੀ ਪੁਰੀ ਨੇ ਭਰੋਸਾ ਦਿੱਤਾ ਕਿ ਜਦੋਂ ਵੀ ਇਸ ਪ੍ਰਾਜੈਕਟ ਵਿਚ ਨਵੇਂ ਸ਼ਹਿਰਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਇਸ ਉਪਰ ਗੌਰ ਜ਼ਰੂਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ, ਪੁਰਾਣਾ ਵਿਰਾਸਤੀ ਸ਼ਹਿਰ ਅਤੇ ਪਹਿਲਾਂ ਰਹੇ ਪੈਪਸੂ ਰਾਜ ਦੀ ਰਾਜਧਾਨੀ ਹੋਣ ਦੇ ਨਾਤੇ ਇਸ ਨੂੰ ਐੱਨ. ਸੀ. ਆਰ. ਪਲਾਨਿੰਗ ਬੋਰਡ ਵੱਲੋਂ ਕਾਊਂਟਰ ਮੈਗਨਟ ਟਾਊਨ ਤੋਂ ਐੱਨ. ਸੀ. ਆਰ. ਐਲਾਨਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕਾਊਂਟਰ ਮੈਗਨਟ ਟਾਊਨਜ਼ ਵਿਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਨਾਲ ਦਿੱਲੀ ਵਿਚ ਹੁੰਦੀ ਹਿਜ਼ਰਤ ਘਟਾਉਣ ਵਿਚ ਮਦਦ ਮਿਲੇਗੀ।
ਸੂਬੇ ਦੇ ਆਲਮੀ ਹਵਾਈ ਸੰਪਰਕ ਨੂੰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਨੇ ਆਸੀਆਨ ਮੁਲਕਾਂ (ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼) ਲਈ ਓਪਨ ਸਕਾਈ ਪਾਲਿਸੀ ਤਹਿਤ ਚੰਡੀਗੜ੍ਹ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੰਡੀਗੜ੍ਹ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਖਾਸ ਕਰਕੇ ਖਾੜੀ ਮੁਲਕਾਂ ਅਤੇ ਤੁਰਕੀ ਲਈ ਦੁਵੱਲੀਆਂ ਉਡਾਣਾਂ ਦੀ ਮੌਜੂਦਾ ਨੀਤੀ ਦੀ ਫੌਰੀ ਸਮੀਖਿਆ ਕਰਨ ਲਈ ਆਖਿਆ ਜਿਸ ਨਾਲ ਮੁਲਕ ਦੇ ਬਾਕੀ ਹਿੱਸਿਆਂ ਵਿਚ ਹੋਰ ਵਧੇਰੇ ਹਵਾਈ ਸੰਪਰਕ ਕਾਇਮ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਸ਼ਹਿਰੀ ਹਵਾਬਾਜ਼ੀ ਸੈਕਟਰ ਨੂੰ ਹੋਰ ਹੁਲਾਰਾ ਦੇਣ ਲਈ ਦੁਵੱਲੇ ਅਧਿਕਾਰਾਂ ਨੂੰ ਉਦਾਰ ਬਣਾਉਣ ਲਈ ਆਖਿਆ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਆਦਮਪੁਰ ਹਵਾਈ ਅੱਡੇ ਦਾ ਨਾਂ ਜਲੰਧਰ ਹਵਾਈ ਅੱਡਾ ਰੱਖਣ ਦੀ ਤਜਵੀਜ਼ ‘ਤੇ ਗੌਰ ਕਰਨ ਲਈ ਆਖਿਆ ਜਿਸ ਨਾਲ ਮੁਸਾਫ਼ਰਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਉਡਾਣਾਂ ਦੀ ਬੁਕਿੰਗ ਲਈ ਸਹੂਲਤ ਹਾਸਲ ਹੋਵੇਗੀ। ਇਸ ਮੌਕੇ ਪੁਰੀ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਡੀਲੂਜ਼ਿਨਲ ਪਾਲੀਟਿਕਸ’ ਭੇਟ ਕੀਤੀ। ਮੁੱਖ ਮੰਤਰੀ ਨਾਲ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਗੁਰਜੀਤ ਸਿੰਘ ਔਜਲਾ ਤੇ ਉੱਚ ਅਧਿਕਾਰੀ ਵੀ ਮੌਜੂਦ ਸਨ।