ਜੋ ਕੁਝ ਵੀ ਤੁਸੀਂ ਕਹੋਗੇ, ਤੁਸੀਂ ਕਿਸੇ ਨਾ ਕਿਸੇ ਨੂੰ ਨਾਰਾਜ਼ ਕਰ ਦੇਵੋਗੇ। ਜੋ ਕੁਝ ਵੀ ਤੁਸੀਂ ਕਰੋਗੇ, ਤੁਸੀਂ ਕੁਝ ਅਜਿਹਾ ਕਰੋਗੇ ਜਿਸ ਨੂੰ ਸਭ ਪਾਸਿਓਂ ਬਰਾਬਰ ਦਾ ਸਮਰਥਨ ਨਹੀਂ ਮਿਲੇਗਾ। ਜੋ ਵੀ ਤੁਹਾਡੀ ਯੋਜਨਾ ਹੈ, ਤੁਹਾਡੇ ਤਰਕ ਵਿੱਚ ਕਿਤੇ ਨਾ ਕਿਤੇ ਘਾਟ ਰਹਿ ਜਾਵੇਗੀ। ਤੁਸੀਂ ਜਿੰਨਾ ਮਰਜ਼ੀ ਕਿਸੇ ਚੀਜ਼ ਨੂੰ ਦਰੁੱਸਤ ਕਰਨ ਦੀ ਚੇਸ਼ਟਾ ਕਰੋ, ਕੁਝ ਨਾ ਕੁਝ ਜ਼ਰੂਰ ਗ਼ਲਤ ਹੋਵੇਗਾ। ਕੀ ਇਹ ਕੋਸ਼ਿਸ਼ ਕਰਨੀ ਛੱਡ ਦੇਣ ਦਾ ਇੱਕ ਕਾਰਨ ਨਹੀਂ ਹੋਣਾ ਚਾਹੀਦਾ? ਜੀ ਨਹੀਂ, ਸਗੋਂ ਆਪਣੀ ਪੂਰੀ ਵਾਹ ਲਗਾਉਣੀ ਜਾਰੀ ਰੱਖ ਕੇ ਕੇਵਲ ਦਾਰਸ਼ਨਿਕ ਬਣਨ ਦਾ। ਇਹ ਅਜਿਹੇ ਵਿਅਕਤੀਆਂ ਪ੍ਰਤੀ ਦਿਆਲੂ ਰੁਖ਼ ਅਪਨਾਉਣ ਦਾ ਵੀ ਇੱਕ ਕਾਰਨ ਹੈ ਜਿਹੜੇ ਹਮੇਸ਼ਾ ਗ਼ਲਤੀ ਕਰਦੇ ਰਹਿੰਦੇ ਹਨ … ਅਤੇ ਬਦਲੇ ਵਿੱਚ ਉਨ੍ਹਾਂ ਵਲੋਂ ਤੁਹਾਡੇ ਲਈ ਹਮਦਰਦੀ ਦਾ ਮੁਜ਼ਾਹਰਾ ਕਰਨ ਦਾ। ਜੇਕਰ ਤੁਹਾਡੀ ਦੁਨੀਆਂ ਦਾ ਕੋਈ ਹਿੱਸਾ ਇਸ ਵਕਤ ਟੁੱਟਦਾ ਜਾਪਦੈ ਤਾਂ ਉਹ ਕੇਵਲ ਇਸ ਲਈ ਕਿ ਇੱਕ ਸ਼ਾਨਦਾਰ ਮੌਕਾ ਛੇਤੀ ਹੀ ਉਭਰਣ ਵਾਲੈ!

ਅੰਗ੍ਰੇਜ਼ੀ ਦਾ ਇੱਕ ਪੁਰਾਣਾ ਗੀਤ ਹੈ: ‘What the world needs now is love sweet love …,’ ਜਿਸ ਦਾ ਅਰਥ ਹੈ, ”ਸੰਸਾਰ ਨੂੰ ਹੁਣ ਜੇ ਕੁਝ ਚਾਹੀਦੈ ਤਾਂ ਉਹ ਹੈ ਪਿਆਰ ਮਿੱਠਾ ਪਿਆਰ। ਇਹ ਸੁਨੇਹਾ ਅੱਜ ਵੀ ਓਨਾ ਹੀ ਢੁੱਕਵਾਂ ਹੈ ਜਿੰਨਾ ਓਦੋਂ ਹੋਇਆ ਕਰਦਾ ਸੀ। ਸੰਸਾਰ ਨੂੰ ਹੁਣ ਵੀ ਓਨਾ ਹੀ ਪਿਆਰ ਚਾਹੀਦੈ (ਜੇ ਉਸ ਤੋਂ ਵੱਧ ਨਹੀਂ ਵੀ ਤਾਂ) ਜਿੰਨਾ ਇਸ ਨੂੰ ਓਦੋਂ ਚਾਹੀਦਾ ਸੀ। ਅਤੇ ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦੈ ਕਿ ਹਰ ‘ਓਦੋਂ’ ਕਦੇ ‘ਹੁਣ’ ਹੋਇਆ ਕਰਦਾ ਸੀ … ਠੀਕ ਉਂਝ ਹੀ ਜਿਵੇਂ ਹਰ ‘ਹੁਣ’ ਇੱਕ ਦਿਨ ‘ਓਦੋਂ’ ਬਣ ਜਾਵੇਗਾ! ਕੁਝ ਚੀਜ਼ਾਂ ਅਜਿਹੀਆਂ ਹਨ ਜਿਹੜੀਆਂ ਕਦੇ ਵੀ ਨਹੀਂ ਬਦਲਦੀਆਂ। ਪਿਆਰ ਦੀ ਲੋੜ ਵੀ ਅਜਿਹਾ ਹੀ ਇੱਕ ਸਦੀਵੀ ਕੁਦਰਤੀ ਵਰਤਾਰਾ ਹੈ। ਪਿਆਰ ਹਮੇਸ਼ਾ ਲੋੜੀਂਦੈ ਅਤੇ ਹਮੇਸ਼ਾ ਉਪਲਬਧ ਵੀ। ਇਸ ਵਕਤ, ਤੁਹਾਡੇ ਸੰਸਾਰ ਵਿੱਚ, ਜਿੰਨਾ ਤੁਹਾਨੂੰ ਚਾਹੀਦੈ ਉਸ ਤੋਂ ਕਿਤੇ ਵੱਧ ਪਿਆਰ ਮੌਜੂਦ ਹੈ! ਅਤੇ ਉਸ ਵਿੱਚੋਂ ਹੀ ਬਾਕੀ ਸਭ ਕੁਝ ਉਪਜੇਗਾ।

ਅਦਾਲਤਾਂ ਹਮੇਸ਼ਾ ਨਿਆਂਪੂਰਨ ਫ਼ੈਸਲੇ ਨਹੀਂ ਸੁਣਾਉਂਦੀਆਂ। ਜਦੋਂ ਕੇਸ ਕਿਸੇ ਅਜਿਹੇ ਜੱਜ ਸਾਹਮਣੇ ਵੀ ਆਵੇ ਜਿਸ ਅੰਦਰ ਨਿਰਪੱਖ ਬਣਨ ਦੀ ਤੀਬਰ ਇੱਛਾ ਹੋਵੇ, ਕਾਨੂੰਨੀ ਬਾਰੀਕੀਆਂ ਕਈ ਵਾਰ ਉਨ੍ਹਾਂ ਲੋਕਾਂ ਖ਼ਿਲਾਫ਼ ਵੀ ਭੁਗਤ ਜਾਂਦੀਆਂ ਹਨ ਜਿਹੜੇ ਇਖ਼ਲਾਕੀ ਤੌਰ ‘ਤੇ ਸਹੀ ਹੁੰਦੇ ਨੇ। ਇਹ ਕੋਈ ਕਾਰਨ ਨਹੀਂ ਬਣਦਾ ਕਿ ਅਸੀਂ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਲਈਏ। ਹਾਂ ਪਰ, ਕੁਦਰਤੀ ਨਿਆਂ ਵਿੱਚ ਵਿਸ਼ਾਵਾਸ ਪ੍ਰਗਟ ਕਰਨ ਦਾ ਇਹ ਇੱਕ ਕਾਰਨ ਜ਼ਰੂਰ ਬਣ ਸਕਦੈ। ਕੁਦਰਤ ਨੂੰ ਪਤੈ ਕਿ ਅਸੀਂ ਸਾਰੇ ਕਾਹਦੇ ਹਕਦਾਰ ਹਾਂ, ਅਤੇ ਉਹ ਇਹ ਸੁਨਿਸ਼ਚਿਤ ਵੀ ਕਰਦੀ ਹੈ ਕਿ ਅਸੀਂ ਅੰਤ ਵਿੱਚ ਉਸ ਨੂੰ ਹਾਸਿਲ ਕਰ ਲਈਏ। ‘ਅੰਤ ਵਿੱਚ’, ਪਰ, ਇੱਥੇ ਇੱਕ ਧਿਆਨ ਦੇਣਯੋਗ ਵਾਕਾਂਸ਼ ਹੈ। ਕੁਦਰਤੀ ਨਿਆਂ ਜਲਦੀ ਨਾਲ ਤਾਂ ਘੱਟ ਹੀ ਵਾਪਰਦੈ ਪਰ ਹੁੰਦਾ ਹਮੇਸ਼ਾ ਮਿਠੈ।

ਆਪਣਾ ਪ੍ਰਭਾਵ ਛੱਡਣ ਲਈ ਸਾਨੂੰ ਪਹਾੜ ਚੜ੍ਹਨ ਜਾਂ ਸਾਗਰ ਤਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ਕਈ ਵਾਰ, ਅਸੀਂ ਕੁਝ ਨਾ ਕਰ ਕੇ ਵੀ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਜਿਹੜੀ ਕਾਰਵਾਈ ਅਸੀਂ ਕਰਦੇ ਹਾਂ ਉਹ ਬਹੁਤਾ ਫ਼ਰਕ ਨਹੀਂ ਪਾਉਂਦੀ; ਇਹ ਤਾਂ ਉਹ ਪਾਉਂਦੀ ਐ ਜਿਹੜੀ ਕਰਨ ਤੋਂ ਅਸੀਂ ਆਪਣੇ ਆਪ ਨੂੰ ਰੋਕ ਲੈਂਦੇ ਹਾਂ। ਇਸ ਵਕਤ ਤੁਸੀਂ ਬਹੁਤ ਕੁਝ ਕਹਿ ਸਕਦੇ ਹੋ। ਤੁਸੀਂ ਕੋਈ ਜੰਗ ਲੜ ਸਕਦੇ ਹੋ … ਕੋਈ ਸਖ਼ਤ ਬਹਿਸ ਛੇੜ ਸਕਦੇ ਹੋ, ਪਰ ਜੇਕਰ ਤੁਸੀਂ ਆਪਣੇ ਆਪ ਨੂੰ ਉਸ ਸਭ ਤੋਂ ਪਰ੍ਹਾਂ ਰੱਖ ਸਕੋ ਜੋ ਤੁਹਾਨੂੰ ਭਾਵਨਾਵਾਂ ਦੇ ਭੰਵਰ ਵਿੱਚ ਖਿੱਚਦਾ ਜਾਪਦੈ, ਤੁਸੀਂ ਸੱਚੀ ਜਿੱਤ ਦਾ ਸਵਾਦ ਚਖ ਸਕਦੇ ਹੋ। ਬੇਪਰਵਾਹੀ ਨਾ ਦਿਖਾਇਓ। ਨਿਰਉਤਸ਼ਾਹੀ ਜਾਂ ਬੇਰਹਿਮ ਵੀ ਨਾ ਬਣਿਓ – ਜੋ ਤੁਸੀਂ ਚਾਹ ਕੇ ਵੀ ਨਹੀਂ ਬਣ ਸਕਦੇ। ਕੇਵਲ ਇੰਨੇ ਕੁ ਉਦਾਸੀਨ ਬਣੇ ਰਹਿਓ ਕਿ ਕਿਸੇ ਸੰਵੇਦਨਸ਼ੀਲ ਕਹਾਣੀ ਦੇ ਦੋਹਾਂ ਪਾਸਿਆਂ ਨੂੰ ਦੇਖ ਅਤੇ ਸਮਝ ਸਕੋ।

ਸਾਰੀਆਂ ਬਿਹਤਰੀਨ ਪ੍ਰਕਿਰਿਆਵਾਂ ਵਕਤ ਲੈਂਦੀਆਂ ਹਨ। ਜਦੋਂ ਅਸੀਂ ਚੀਜ਼ਾਂ ਨੂੰ ਬਹੁਤ ਤੇਜ਼ੀ ਨਾਲ ਅੱਗੇ ਧੱਕਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਖ਼ੁਦ ਨੂੰ ਕਿਸੇ ਸਮਝਦਾਰ ਨਿਵੇਸ਼ ਦੇ ਵਾਧੇ ਦਾ ਲਾਹਾ ਲੈਣ ਜਾਂ ਕੋਮਲ ਪੌਦੇ ਦੀ ਦੇਖਭਾਲ ਕਰਨ ਦੇ ਮੌਕੇ ਤੋਂ ਵਾਂਝਾ ਕਰ ਲੈਂਦੇ ਹਾਂ। ਤੁਸੀਂ ਇਸ ਵਕਤ ਕਿਸੇ ਅਜਿਹੇ ਮਾਮਲੇ ‘ਤੇ ਪਰਦਾ ਡੇਗਣ ਲਈ ਕਾਹਲੇ ਹੋ ਜਿਹੜਾ ਅਨਿਸ਼ਚਿਤ ਅਤੇ ਅਣਸੁਲਝਿਆ ਪਿਐ। ਤੁਸੀਂ ਉਸ ਨੂੰ ਹਲ ਕਰਨਾ ਚਾਹੁੰਦੇ ਹੋ ਤਾਂ ਕਿ ਅੱਗੇ ਵੱਧ ਸਕੋ। ਸਹੀ ਮਹਿਸੂਸ ਕਰਨ ਲਈ ਜੋ ਵੀ ਤੁਹਾਨੂੰ ਕਰਨ ਦੀ ਲੋੜ ਹੈ ਉਹ ਜ਼ਰੂਰ ਕਰੋ ਪਰ ਦਰਵਾਜ਼ੇ ਬੰਦ ਨਾ ਕਰੋ ਜਾਂ ਉਨ੍ਹਾਂ ਚੋਣਾਂ ਨੂੰ ਨਕਾਰੋ ਨਾ ਜਿਹੜੀਆਂ ਹਾਲ ਦੀ ਘੜੀ ਛੱਡੀਆਂ ਜਾ ਸਕਦੀਆਂ ਹਨ। ਜੇਕਰ ਪੂਰੀ ਤਰ੍ਹਾਂ ਖੁਲ੍ਹੀਆਂ ਨਹੀਂ ਵੀ ਤਾਂ ਘੱਟਘੱਟ ਅੱਧਖੁਲ੍ਹੀਆਂ। ਕੋਈ ਮੁਸ਼ਕਿਲ ਭਾਵਨਾਤਮਕ ਸਥਿਤੀ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਹੀ ਵੱਖਰੀ ਸ਼ਕਲ ਅਖ਼ਤਿਆਰ ਕਰ ਸਕਦੀ ਹੈ। ਇਸ ਗੱਲ ਦਾ ਧਿਆਨ ਰੱਖਿਓ ਕਿ ਉਸ ਵਕਤ ਵੱਡੀ ਤਬਦੀਲੀ ਵੀ ਸ਼ਾਇਦ ਸੰਭਵ ਹੋ ਜਾਵੇ।