ਬਰਮਿੰਘਮ – ਵਿਸ਼ਵ ਕੱਪ 2019 ‘ਚ ਤੀਜੀ ਵਾਰ ਮੈਨ ਔਫ਼ ਦਾ ਮੈਚ ਬਣੇ ਰੋਹਿਤ ਸ਼ਰਮਾ ਨੇ ਕਿਹਾ ਕਿ ਪਿੱਚ ‘ਤੇ ਬੱਲੇਬਾਜ਼ੀ ਕਰਨਾ ਵਧੀਆ ਸੀ। ”ਮੈਨੂੰ ਸ਼ੁਰੂਆਤ ‘ਚ ਬਹੁਤ ਵਧੀਆ ਲੱਗ ਰਿਹਾ ਸੀ। ਅਸੀਂ ਸ਼ੁਰੂਆਤ ‘ਚ ਕੁੱਝ ਸਮਾਂ ਲਿਆ। ਇਹ ਵਿਸ਼ਵ ਕੱਪ ਮੇਰੇ ਲਈ ਵਧੀਆ ਰਿਹਾ। ਦੱਖਣੀ ਅਫ਼ਰੀਕਾ ਵਿਰੁੱਧ ਪਹਿਲੇ ਮੈਚ ਦੇ ਹਾਲਾਤ ਵੱਖਰੇ ਸਨ ਇਸ ਲਈ ਮੈਨੂੰ ਆਪਣਾ ਸਮਾਂ ਕੱਢਣਾ ਪਿਆ। ਇੰਗਲੈਂਡ ਵਿਰੁੱਧ ਵੀ ਪਿੱਚ ‘ਚ ਬਦਲਾਅ ਹੋਇਆ ਸੀ ਅਤੇ ਗੇਂਦ ਬੱਲੇ ‘ਤੇ ਨਹੀਂ ਸੀ ਆ ਰਹੀ। ਇੰਗਲੈਂਡ ਨੇ ਸਲੋ ਗੇਂਦਾਂ ਦਾ ਵਧੀਆ ਤਰ੍ਹਾਂ ਨਾਲ ਇਸਤੇਮਾਲ ਕੀਤਾ, ਪਰ ਬੰਗਲਾਦੇਸ਼ ਖ਼ਿਲਾਫ਼ ਸਥਿਤੀ ਵੱਖਰੀ ਸੀ।
ਰੋਹਿਤ ਨੇ ਕਿਹਾ ਕਿ ਜਦੋਂ ਤੁਸੀਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ‘ਤੇ ਉਤਰਦੇ ਹੋ ਤਾਂ ਤੁਹਾਡੇ ‘ਤੇ ਸਕੋਰ ਬੋਰਡ ਦਾ ਕੋਈ ਦਬਾਅ ਨਹੀਂ ਹੁੰਦਾ। ਤੁਸੀਂ ਸਕਾਰਾਤਮਕ ਹੁੰਦੇ ਹੋ। ਮੈਂ ਇੱਥੇ ਇਹੀ ਕੀਤਾ। ਮੈਂ ਖ਼ੁਸ਼ਕਿਸਮਤ ਸੀ। ਮੈਂ ਸੀਮਾ ਦੇ ਛੋਟੇ ਹੋਣ ਬਾਰੇ ਕਦੀਂ ਨਹੀਂ ਸੋਚਦਾ। ਮੈਂ ਹਮੇਸ਼ਾ ਫ਼ੀਲਡਿੰਗ ਨੂੰ ਵਿੰਨ੍ਹਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਨਾਲ ਗੇਂਦਬਾਜ਼ਾਂ ‘ਤੇ ਦਬਾਅ ਬਣਦਾ ਹੈ। ਰੋਹਿਤ ਨੇ ਕਿਹਾ ਉਸ ਦਾ ਮੂਲ ਮੰਤਰ ਹੈ ਜੋ ਕੁੱਝ ਅਤੀਤ ‘ਚ ਹੋਇਆ, ਉਸ ਨੂੰ ਅਤੀਤ ‘ਚ ਹੀ ਰੱਖਣਾ। ਹਰ ਰੋਜ਼ ਇੱਕ ਨਵਾਂ ਦਿਨ ਹੈ। ਮੈਂ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕੀ ਹੋਇਆ ਸੀ। ਜੋ ਲੋਕ ਵਧੀਆ ਬੱਲੇਬਾਜ਼ੀ ਕਰ ਰਹੇ ਹਨ, ਉਨ੍ਹਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਆਪਣੀ ਟੀਮ ਨੂੰ ਵਧੀਆ ਸਕੋਰ ਤਕ ਲੈ ਕੇ ਜਾਣਾ ਚਾਹੀਦਾ। ਮੈਨੂੰ ਹੁਣ ਅਗਲੇ ਮੈਚ ‘ਤੇ ਧਿਆਨ ਦੇਣ ਦੀ ਲੋੜ ਹੈ।