ਚੈੱਸਟਰ ਲੀ ਸਟ੍ਰੀਟ – ਸ਼੍ਰੀ ਲੰਕਾ ਵਿਸ਼ਵ ਕੱਪ ‘ਚੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ ਪਰ ਟੀਮ ਦੇ ਔਫ਼ ਸਪਿਨਰ ਧਨੰਜਯ ਡੀਸਿਲਵਾ ਦਾ ਮੰਨਣਾ ਹੈ ਕਿ ਉਹ ਸ਼ਨੀਵਾਰ ਨੂੰ ਭਾਰਤ ਨੂੰ ਉਲਟਫ਼ੇਰ ਦਾ ਸ਼ਿਕਾਰ ਬਣਾ ਕੇ ਜਿੱਤ ਨਾਲ ਆਪਣੀ ਮੁਹਿੰਮ ਦਾ ਅੰਤ ਕਰ ਸਕਦੇ ਹਨ।
ਸ਼੍ਰੀ ਲੰਕਾ ਦਾ ਵਿਸ਼ਵ ਕੱਪ ਵਿੱਚ ਉਤਰਾਅ-ਚੜ੍ਹਾਅ ਵਾਲਾ ਪ੍ਰਦਰਸ਼ਨ ਜਾਰੀ ਰਿਹਾ। ਉਸ ਨੇ ਸੋਮਵਾਰ ਵੈੱਸਟਇੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ। ਇਹ ਉਸ ਦੀ ਟੂਰਨਾਮੈਂਟ ਵਿੱਚ ਤੀਜੀ ਜਿੱਤ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਸੈਮੀਫ਼ਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ ਸੀ। ਸ਼੍ਰੀ ਲੰਕਾ ਨੇ ਹਾਲਾਂਕਿ ਇਸ ਵਿਚਾਲੇ ਇੰਗਲੈਂਡ ਦੇ ਸਮੀਕਰਨ ਵਿਗਾੜੇ ਅਤੇ ਡਿਸਿਲਵਾ ਦਾ ਮੰਨਣਾ ਹੈ ਕਿ ਉਸ ਦੀ ਟੀਮ ਹੈਂਡਿਗਲੇ ਵਿੱਚ ਵਿਰਾਟ ਦੀ ਟੀਮ ਨੂੰ ਵੀ ਹਰਾ ਸਕਦੀ ਹੈ। ਉਸ ਨੇ ਕਿਹਾ, ”ਅਸੀਂ ਹੋਰਨਾਂ ICC ਟੂਰਨਾਮੈਂਟਾਂ ਵਿੱਚ ਭਾਰਤ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਵੈੱਸਟ ਇੰਡੀਜ਼ ਨੂੰ ਹਰਾਇਆ ਹੈ। ਜੇਕਰ ਅਸੀਂ ਇਸੇ ਤਰ੍ਹਾਂ ਆਤਮ-ਵਿਸ਼ਵਾਸ ਨਾਲ ਅਗਲੇ ਮੈਚ ਵਿੱਚ ਉਤਰਦੇ ਹਾਂ ਤਾਂ ਭਾਰਤ ਨੂੰ ਫ਼ਿਰ ਤੋਂ ਹਰਾ ਸਕਦੇ ਹਾਂ।”