ਨਵੀਂ ਦਿੱਲੀ – ਭਾਰਤ ਵਿੱਚ ਬ੍ਰਿਟਿਸ਼ ਹਾਈ ਕਮੀਸ਼ਨ ਜੌਨ ਥੌਂਪਸਨ ਨੇ ਮੰਗਲਵਾਰ ਨੂੰ ਕਿਹਾ ਕਿ ਕ੍ਰਿਕਟ ਵਰਲਡ ਕੱਪ ਦੌਰਾਨ 80 ਹਜ਼ਾਰ ਦੇ ਕਰੀਬ ਭਾਰਤੀਆਂ ਦੇ ਬ੍ਰਿਟੇਨ ਯਾਤਰਾ ਕਰਨ ਦੀ ਸੰਭਾਵਨਾ ਹੈ। ਥੌਂਪਸਨ ਨੇ ਮੀਡੀਆ ਨੂੰ ਕਿਹਾ, ”ਸਾਡਾ ਅੰਦਾਜ਼ਾ ਹੈ ਕਿ ਲਗਭਗ 80 ਹਜ਼ਾਰ ਭਾਰਤੀ ਵਰਲਡ ਕੱਪ ਲਈ ਬ੍ਰਿਟੇਨ ਦੀ ਯਾਤਰਾ ਕਰਨਗੇ। ਸਾਲ ਦੇ ਇਸ ਸਮੇਂ ਵਿੱਚ ਵੈਸੇ ਵੀ ਸੈਲਾਨੀਆਂ ਦੀ ਗਿਣਤੀ ਵੱਧ ਹੁੰਦੀ ਹੈ, ਪਰ ਕ੍ਰਿਕਟ ਦੀ ਵਜ੍ਹਾ ਨਾਲ ਹੋਰ ਵੱਧ ਸੈਲਾਨੀ ਇੱਥੇ ਪਹੁੰਚ ਰਹੇ ਹਨ।”
ਅੰਕੜਿਆ ਦੀ ਗੱਲ ਕਰੀਏ ਤਾਂ ਪਿਛਲੇ 12 ਮਹੀਨੇ ਵਿੱਚ ਲਗਭਗ ਛੇ ਲੱਖ ਭਾਰਤੀਆਂ ਨੂੰ ਬ੍ਰਿਟਿਸ਼ ਵੀਜ਼ਾ ਜਾਰੀ ਕੀਤਾ ਗਿਆ ਹੈ ਜਿਸ ਵਿੱਚੋਂ ਜ਼ਿਆਦਾਤਰ ਸੈਲਾਨੀ ਹਨ। ਵਰਲਡ ਕੱਪ 30 ਮਈ ਨੂੰ ਸ਼ੁਰੂ ਹੋਇਆ ਜਿਸ ਦਾ ਫ਼ਾਈਨਲ 14 ਜੁਲਾਈ ਨੂੰ ਖੇਡਿਆ ਜਾਣਾ ਹੈ। ਭਾਰਤੀ ਟੀਮ ਦੇ ਮੈਚਾਂ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਅਤੇ ਸਟੇਡੀਅਮ ਵਿੱਚ ਵੀ ਭਾਰਤੀ ਮੂਲ ਦੇ ਦਰਸ਼ਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।