ਚੰਡੀਗੜ੍ਹ – ਕੇਂਦਰ ‘ਚ ਮੋਦੀ ਸਰਕਾਰ ਦੇ ਮੁੜ ਤੋਂ ਆਉਣ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਲੋਕ ਸਭਾ ‘ਚ ਪਹਿਲਾ ਬਜਟ ਪੇਸ਼ ਕੀਤਾ ਗਿਆ। ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਦੇ ਸਬੰਧ ‘ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਚੰਡੀਗੜ੍ਹ ‘ਚ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ‘ਚ ਉਨ੍ਹਾਂ ਬਜਟ ਨਾਲ ਮਹਿੰਗਾਈ ਹੋਰ ਵੱਧਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਬਜਟ ਦਾ ਭਾਸ਼ਣ ਜ਼ਰੂਰ ਲੰਮਾ ਸੀ ਪਰ ਇਸ ਦਾ ਹਕੀਕੀ ਰੂਪ ਬਹੁਤ ਛੋਟਾ ਹੈ, ਜਿਸ ਕਾਰਨ ਸ਼ੇਅਰ ਬਾਜ਼ਾਰ ‘ਚ ਗਿਰਾਵਟ ਆ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਰਾਸ਼ਟਰਵਾਦ ਦੇ ਨਾਂ ‘ਤੇ ਚੋਣ ਜ਼ਰੂਰ ਜਿੱਤ ਲਈ ਪਰ ਰੱਖਿਆ ਬਜਟ ਨਹੀਂ ਵਧਾਇਆ।
ਉਨ੍ਹਾਂ ਕਿਹਾ ਕਿ ਪੇਸ਼ ਕੀਤੇ ਗਏ ਬਜਟ ‘ਚ ਬੀ.ਜੇ.ਪੀ. ਨੇ ਰੱਖਿਆ ਬਜਟ ਨਹੀਂ ਵਧਾਇਆ ਅਤੇ ਇਨਕਮ ਟੈਕਸ ਦੀਆਂ ਜੋ ਦਰਾਂ ਵਧਾਈਆਂ ਗਈਆਂ ਹਨ, ਉਹ ਹੀ ਕੁਝ ਸਮੇਂ ਲਈ ਹਨ। ਬਜਟ ‘ਚ ਸਮਾਰਟ ਸਿਟੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਤੇ ਸਕੀਮਾਂ ਬਾਰੇ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਵੀ ਕੁਝ ਨਹੀਂ ਦੱਸਿਆ। ਵਿੱਤ ਮੰਤਰੀ ਨੇ ਪੈਟਰੋਲ-ਡੀਜ਼ਲ ‘ਤੇ ਹੋਏ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਨੂੰ ਗੈਰਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਜਟ ‘ਚ ਫਸਲੀ ਵਿਭਿੰਨਤਾ ਅਤੇ ਕਿਸਾਨਾਂ ਲਈ ਕੁਝ ਨਹੀਂ ਪੇਸ਼ ਕੀਤਾ ਗਿਆ। ਉਨ੍ਹਾਂ ਕਿਸਾਨਾਂ ਦੇ ਕਰਜ਼ ਮੁਆਫੀ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਬੈਂਕ ਰਿਫਾਰਮਰ ਦੇ ਸਬੰਧ ‘ਚ ਗੱਲ ਕੀਤੀ। ਰੱਖਿਆ ਦੇ ਇਨਫਾਟਕਚਰ ਦਾ ਪੇਸ਼ ਕੀਤਾ ਗਿਆ ਬਜਟ ਕਾਫੀ ਨਹੀਂ ਸੀ। ਛੋਟੇ ਉਦਯੋਗਾਂ ਲਈ ਰੱਖਿਆ ਗਿਆ ਬਜਟ ਨਾਕਾਫੀ ਸੀ। ਉਨ੍ਹਾਂ ਕਿਹਾ ਕਿ ਬਜਟ ‘ਚ 350 ਕਰੋੜ ਦੀ ਪੇਸ਼ ਕੀਤੀ ਗਈ ਐੱਮ.ਐੱਸ.ਐੱਮ.ਈ ਦਾ ਕੋਈ ਕਾਇਆਕਲਪ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਦੇ ਨੌਜਵਾਨ ਪੀੜ੍ਹੀ ਨੂੰ ਨੌਕਰੀ ਦੇਣ ‘ਤੇ ਕੋਈ ਧਿਆਨ ਨਹੀਂ ਅਤੇ ਨਾ ਹੀ ਰੁਜ਼ਗਾਰ ਦੇਣ ਦੇ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।