ਰਾਹੁਲ ਗਾਂਧੀ ਵਲੋਂ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਦੇ ਸਪੱਸ਼ਟ ਐਲਾਨ ਪਿੱਛੋਂ ਪਾਰਟੀ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਕਿਸੇ ਨੌਜਵਾਨ ਨੂੰ ਹੀ ਬਿਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਨੂੰ ਪ੍ਰਧਾਨ ਬਣਾਇਆ ਜਾਏ, ਜਿਸ ਨੂੰ ਦੇਸ਼ ਦੇ ਸਭ ਸੂਬਿਆਂ ਦੀ ਭੂਗੋਲਿਕ, ਸਮਾਜਿਕ ਅਤੇ ਸਿਆਸੀ ਸਥਿਤੀ ਬਾਰੇ ਡੂੰਘੀ ਸਮਝ ਹੋਵੇ। ਨਾਲ ਹੀ ਉਹ ਕੌਮਾਂਤਰੀ ਸਿਆਸਤ ਦਾ ਵੀ ਜਾਣਕਾਰ ਹੋਵੇ। ਨਵੇਂ ਪ੍ਰਧਾਨ ‘ਚ ਇਹ ਖੂਬੀ ਵੀ ਹੋਣੀ ਚਾਹੀਦੀ ਹੈ ਕਿ ਉਹ ਦੇਸ਼ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲ ਸਕੇ। ਬਾਜਵਾ, ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ, ਨੇ ਕਿਹਾ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ, ਸਬੰਧੀ ਫੈਸਲਾ ਤਾਂ ਪਾਰਟੀ ਦੀ ਵਰਕਿੰਗ ਕਮੇਟੀ ਕਰੇਗੀ ਪਰ ਮੇਰਾ ਸੁਝਾਅ ਹੈ ਕਿ ਕਿਸੇ ਨੌਜਵਾਨ ਨੂੰ ਹੀ ਪ੍ਰਧਾਨ ਬਣਾਇਆ ਜਾਏ। ਦੇਸ਼ ਦੀ 70 ਫੀਸਦੀ ਆਬਾਦੀ 18 ਤੋਂ 40 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਹੈ।
ਕਾਂਗਰਸ ਨੂੰ ਅਗਲੇ ਹਫਤੇ ਮਿਲ ਸਕਦਾ ਹੈ ਅੰਤ੍ਰਿਮ ਪ੍ਰਧਾਨ
ਕਾਂਗਰਸ ਪਾਰਟੀ ਇਸ ਸਮੇਂ ਆਪਣੇ ਪ੍ਰਧਾਨ ਬਿਨਾਂ ਹੀ ਹੈ। ਰਾਹੁਲ ਗਾਂਧੀ ਵਲੋਂ ਅਸਤੀਫਾ ਦੇਣ ਪਿੱਛੋਂ ਪਾਰਟੀ ਦੀ ਕਮਾਂਡ ਅਜੇ ਤੱਕ ਕਿਸੇ ਨੂੰ ਵੀ ਨਹੀਂ ਸੌਂਪੀ ਗਈ। ਅਜਿਹੀ ਹਾਲਤ ਵਿਚ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਸਾਹਮਣੇ ਲੀਡਰਸ਼ਿਪ ਦਾ ਸੰਕਟ ਹੈ। ਇਸ ਸੰਕਟ ਨੂੰ ਦੂਰ ਕਰਨ ਲਈ ਅਗਲੇ ਹਫਤੇ ਪਾਰਟੀ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਜਾ ਸਕਦੀ ਹੈ। ਉਸ ਵਿਚ ਅੰਤ੍ਰਿਮ ਪ੍ਰਧਾਨ ਬਾਰੇ ਫੈਸਲਾ ਹੋਣ ਦੀ ਸੰਭਾਵਨਾ ਹੈ। ਅੰਤ੍ਰਿਮ ਪ੍ਰਧਾਨ ਉਦੋਂ ਤੱਕ ਪਾਰਟੀ ਦਾ ਕੰਮ ਵੇਖੇਗਾ ਜਦੋਂ ਤੱਕ ਪੂਰਨ ਪ੍ਰਧਾਨ ਦੀ ਨਿਯੁਕਤੀ ਨਹੀਂ ਹੋ ਜਾਂਦੀ। ਉਕਤ ਬੈਠਕ ਵਿਚ ਹੀ ਰਾਹੁਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਏਗਾ।